ਹਰਿਆਣਾ ਦੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਆਰਪੀਐਫ (ਰੇਲਵੇ ਪੁਲਿਸ ਬਲ) ਦੀ ਮਹਿਲਾ ਕਾਂਸਟੇਬਲ ਨੇ ਆਖਰੀ ਸਮੇਂ ‘ਤੇ ਸੁਰੱਖਿਅਤ ਡਿਲੀਵਰੀ ਕਰ ਕੇ ਮਾਂ ਅਤੇ ਬੱਚੇ ਦੀ ਜਾਨ ਬਚਾਈ ਹੈ। ਜਣੇਪੇ ਤੋਂ ਬਾਅਦ ਆਰਪੀਐਫ ਨੇ ਐਂਬੂਲੈਂਸ ਦੀ ਮਦਦ ਨਾਲ ਜੱਚਾ-ਬੱਚੇ ਨੂੰ ਰੇਲਵੇ ਹਸਪਤਾਲ ਵਿਚ ਦਾਖਲ ਕਰਵਾਇਆ। ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ, ਜਿਸ ਤੋਂ ਬਾਅਦ ਪ੍ਰਵਾਰ ਆਪਣੀ ਮਰਜ਼ੀ ਮੁਤਾਬਕ ਜੱਚਾ-ਬੱਚਾ ਨੂੰ ਆਪਣੇ ਨਾਲ ਲੈ ਗਿਆ। ਦਰਅਸਲ, ਐਸ.ਆਈ. ਵਿਜੇਂਦਰ ਸਿੰਘ, ਏ.ਐਸ.ਆਈ. ਰਾਜੇਸ਼ ਕੁਮਾਰ ਮੰਗਲਵਾਰ-ਬੁੱਧਵਾਰ ਦੀ ਰਾਤ 2 ਵਜੇ ਗਸ਼ਤ ‘ਤੇ ਸਨ। ਇਸੇ ਦੌਰਾਨ ਪਲੇਟਫਾਰਮ ਨੰਬਰ-7 ਤੋਂ ਕਾਂਸਟੇਬਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇੱਕ ਮਹਿਲਾ ਯਾਤਰੀ ਜਣੇਪੇ ਦੀ ਦਰਦ ਤੋਂ ਪੀੜਤ ਹੈ। ਸੂਚਨਾ ਮਿਲਦੇ ਹੀ ਮਹਿਲਾ ਕਾਂਸਟੇਬਲ ਐਲ.ਸੀ.ਟੀ. ਰੇਣੂ ਮੌਕੇ ‘ਤੇ ਪਹੁੰਚ ਗਈ। ਆਰ.ਪੀ.ਐਫ. ਦੇ ਇੰਸਪੈਕਟਰ ਜਾਵੇਦ ਖਾਨ ਨੇ ਦੱਸਿਆ ਕਿ ਕਾਂਸਟੇਬਲ ਰੇਣੂ ਨੇ ਆਖਰੀ ਸਮੇਂ ‘ਤੇ ਸਮਝਦਾਰੀ ਦਿਖਾਉਂਦੇ ਹੋਏ ਡਾਕਟਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸੁਰੱਖਿਅਤ ਡਿਲੀਵਰੀ ਕਰਵਾ ਦਿਤੀ। ਇਸ ਤੋਂ ਬਾਅਦ ਜੱਚਾ-ਬੱਚਾ ਨੂੰ ਜਾਂਚ ਲਈ ਐਂਬੂਲੈਂਸ ਦੀ ਮਦਦ ਨਾਲ ਰੇਲਵੇ ਹਸਪਤਾਲ ਲਿਜਾਇਆ ਗਿਆ। ਆਰ.ਪੀ.ਐਫ. ਅਨੁਸਾਰ ਸੰਤੋਸ਼ (26) ਵਾਸੀ ਭਗਤ ਨਗਰ, ਹੁਸ਼ਿਆਰਪੁਰ (ਪੰਜਾਬ) ਆਪਣੇ ਪਤੀ ਲਖਨ ਨਾਲ ਅੰਬਾਲਾ ਤੋਂ ਅੰਬਾਲਾ ਛਾਉਣੀ ਆਈ ਸੀ। ਜਣੇਪੇ ਦੇ ਦਰਦ ਕਾਰਨ ਔਰਤ ਪਲੇਟਫਾਰਮ ‘ਤੇ ਹੀ ਤੜਫ ਰਹੀ ਸੀ। ਹਾਲਾਂਕਿ ਸਮੇਂ ਸਿਰ ਸੂਚਨਾ ਮਿਲਣ ‘ਤੇ ਕਾਂਸਟੇਬਲ ਰੇਣੂ ਨੇ ਦੋਵਾਂ ਦੀ ਜਾਨ ਬਚਾਈ।