ਪਟਿਆਲਾ ’ਚ 12 ਸਾਲਾ ਲੜਕੇ ਦੀ ਛੱਤ ਵਾਲੇ ਪੱਖੇ ਨਾਲ ਲਟਕਣ ਨਾਲ ਮੌਤ ਹੋ ਗਈ। ਇਹ ਕਿਵੇਂ ਹੋਇਆ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਬੱਚੇ ਦਾ ਨਾਮ ਕਰਨ ਸੀ ਤੇ ਉਹ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ। ਪ੍ਰਵਾਰਕ ਮੈਂਬਰ ਸੰਤੋਸ਼ ਯਾਦਵ ਨੇ ਦਸਿਆ ਕਿ ਉਹ ਸਕੂਲੋਂ ਅਪਣੀ ਭੈਣ ਨਾਲ ਆਇਆ ਸੀ। ਉਸ ਤੋਂ ਬਾਅਦ ਉਸ ਨੇ ਪਿਛਲੇ ਕਮਰੇ ’ਚ ਜਾ ਕੇ ਕੱਪੜੇ ਬਦਲੇ ਤੇ ਬਾਲ ਨਾਲ ਖੇਡਣ ਲੱਗ ਗਿਆ। ਉਸ ਦੀ ਭੈਣ ਟੀ.ਵੀ ਦੇਖਣ ਲੱਗ ਗਈ। ਜਦੋਂ ਬਹੁਤ ਸਮਾਂ ਬੀਤਣ ਮਗਰੋਂ ਉਹ ਦਿਖਾਈ ਨਾ ਦਿਤਾ ਤਾਂ ਉਸ ਦੀ ਮਾਂ ਨੇ ਕਮਰੇ ’ਚ ਜਾ ਕੇ ਦੇਖਿਆ ਤਾਂ ਉਹ ਚੁੰਨੀ ਨਾਲ ਲਟਕ ਰਿਹਾ ਸੀ ਏ.ਐਸ.ਆਈ. ਰਸ਼ਪਾਲ ਸਿੰਘ ਨੇ ਦਸਿਆ ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਬੱਚਾ ਸਕੂਲੋਂ ਆਉਣ ਤੋਂ ਬਾਅਦ ਅਕਸਰ ਫੋਨ ’ਤੇ ਗੇਮ ਖੇਡਦਾ ਸੀ। ਉਸ ਦਿਨ ਉਹ ਸਕੂਲ ਤੋਂ ਆਉਣ ਮਗਰੋਂ ਘਰ ’ਚ ਪੱਖੇ ਵਾਲੀ ਕੁੰਡੀ ’ਚ ਚੁੰਨੀ ਪਾ ਕੇ ਖੇਡਣ ਲੱਗਾ। ਇਸੇ ਦੌਰਾਨ ਚੁੰਨੀ ਉਸ ਦੇ ਗਲੇ ਵਿਚ ਲਿਪਟ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋਣ ਦਾ ਖਦਸ਼ਾ ਹੈ। ਪ੍ਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 174 ਕਾਰਵਾਈ ਅਮਲ ’ਚ ਲਿਆਂਦੀ ਗਈ। ਬੱਚੇ ਦੇ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ।