ਅੰਮ੍ਰਿਤਸਰ : ਭਾਰਤ ਨੇ ਸ਼ੁਕਰਵਾਰ ਨੂੰ 18 ਪਾਕਿਸਤਾਨੀ ਨਾਗਰਿਕਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਰਵਾਨਾ ਕੀਤਾ ਹੈ। ਇਨ੍ਹਾਂ ਵਿਚੋਂ ਕਈ ਨਾਗਰਿਕ ਅਜਿਹੇ ਸਨ ਜੋ ਤਕਰੀਬਨ 7 ਸਾਲਾਂ ਤੋਂ ਬਾਅਦ ਅਪਣੇ ਦੇਸ਼ ਪਰਤੇ ਹਨ। ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਕਾਗਜੀ ਕਾਰਵਾਈ ਤੋਂ ਬਾਅਦ ਅਟਾਰੀ ਬਾਰਡਰ ਦੇ ਰਸਤੇ ਰਵਾਨਾ ਕੀਤਾ ਗਿਆ। ਇਨ੍ਹਾਂ ਵਿਚ 12 ਆਮ ਨਾਗਰਿਕ ਤੇ 6 ਮਛੇਰੇ ਹਨ। ਭਾਰਤ ਵਿਚ ਗੈਰਕਾਨੂੰਨੀ ਤਰੀਕੇ ਨਾਲ ਪਹੁੰਚੇ ਕਰਾਚੀ ਦੇ ਅਨੀਫ ਖਾਨ ਨੇ ਦਸਿਆ ਕਿ ਉਸ ਦਾ ਵਿਆਹ ਨੂੰ 10 ਸਾਲ ਹੋ ਗਏ ਸਨ, ਕੋਈ ਔਲਾਦ ਨਹੀਂ ਹੋਈ। ਇਸ ਲਈ ਉਸ ਨੇ ਭਾਰਤ ਆਉਣ ਦਾ ਫੈਸਲਾ ਕੀਤਾ। ਪਾਕਿਸਤਾਨੀ ਨਾਗਰਿਕਾਂ ਨੂੰ ਨੇਪਾਲ ਪਹੁੰਚਣ ‘ਤੇ ਵੀਜ਼ਾ ਮਿਲਦਾ ਹੈ। ਇਸੇ ਲਈ ਉਹ ਸਿੱਧਾ ਨੇਪਾਲ ਆਇਆ ਅਤੇ ਉਥੋਂ ਭਾਰਤੀ ਸਰਹੱਦ ਵਿਚ ਦਾਖ਼ਲ ਹੋ ਗਿਆ। ਉਹ ਭਾਰਤ ਵਿਚ ਖਵਾਜਾਜੀ ਦੀ ਦਰਗਾਹ ‘ਤੇ ਆਇਆ, ਪਰ ਫੜਿਆ ਗਿਆ। ਜਦੋਂ ਉਹ ਫੜਿਆ ਗਿਆ ਤਾਂ ਉਸ ਦੀ ਉਮਰ 50 ਸਾਲ ਸੀ, ਹੁਣ ਉਹ 57 ਸਾਲ ਦੀ ਹੈ। ਅਨੀਫ਼ ਨੇ ਦਸਿਆ ਕਿ 7 ਸਾਲ ਪਹਿਲਾਂ ਭਾਰਤ ਆਉਣ ਤੋਂ ਬਾਅਦ ਉਸ ਦੀ ਰਿਹਾਈ ਦੋ ਵਾਰ ਰੋਕ ਦਿਤੀ ਗਈ ਸੀ। ਪਹਿਲਾ ਪੁਲਵਾਮਾ ਹਮਲਾ ਹੋਇਆ। ਜਿਸ ਤੋਂ ਬਾਅਦ ਦੋਵੇਂ ਸਰਕਾਰਾਂ ਨੇ ਇੱਕ ਦੂਜੇ ਨਾਲ ਗੱਲ ਕਰਨੀ ਬੰਦ ਕਰ ਦਿਤੀ। ਗੱਲ ਇੱਥੇ ਹੀ ਨਹੀਂ ਰੁਕੀ। ਇਸ ਤੋਂ ਬਾਅਦ ਸਾਲ 2020 ਵਿਚ ਕੋਰੋਨਾ ਆਇਆ ਅਤੇ ਬਾਰਡਰ ਸੀਲ ਕਰ ਦਿਤੇ ਗਏ। ਆਖਿਰਕਾਰ ਹੁਣ 7 ਸਾਲ ਬਾਅਦ ਉਸ ਦੀ ਰਿਹਾਈ ਹੋ ਰਹੀ ਹੈ। ਇਹ ਉਨ੍ਹਾਂ ਸਾਰੇ 18 ਲੋਕਾਂ ਦੀ ਕਹਾਣੀ ਹੈ ਜੋ ਸਾਲਾਂ ਬਾਅਦ ਆਪਣੇ ਪ੍ਰਵਾਰਾਂ ਨਾਲ ਦੁਬਾਰਾ ਮਿਲ ਜਾਣਗੇ।