ਪੰਜਾਬ ਦੇ ਹੱਕਾਂ ਲਈ ਲੜੇ ਰਾਜਾ ਵੜਿੰਗ, ਹਰਿਆਣਾ ਸਰਹੱਦ ਨਾਲ ਲਗਦੇ ਮਾਨਸਾ ਦੇ 400 ਪਿੰਡਾਂ ਨੂੰ ਡੁੱਬਣ ਤੋਂ ਬਚਾਇਆ

ਮਾਨਸਾ : ਪੰਜਾਬ ਵਿਚ ਭਾਰੀ ਮੀਂਹ ਮਗਰੋਂ ਕਈ ਇਲਾਕੇ ਹੜ੍ਹ ਦੀ ਲਪੇਟ ਵਿਚ ਹਨ, ਇਸ ਦੇ ਚਲਦਿਆਂ ਅੱਜ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨਸਾ ਜ਼ਿਲ੍ਹੇ ਨਾਲ ਲੱਗਦੇ ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਚਾਂਦਪੁਰਾ ਬੰਨ੍ਹ ਦਾ ਜਾਇਜ਼ਾ ਲਿਆ। ਇਹ ਇਕਲੌਤੀ ਅਜਿਹੀ ਥਾਂ ਹੈ, ਜਿਥੇ ਉੱਪਰ ਭਾਖੜਾ ਅਤੇ ਹੇਠਾਂ ਘੱਗਰ ਦਰਿਆ ਵਹਿੰਦਾ ਹੈ। ਇਥੇ ਪੰਜਾਬ-ਹਰਿਆਣਾ ਸਰਹੱਦ ਉਤੇ ਬਣਿਆ ਬੰਨ੍ਹ ਪੰਜਾਬ ਦੇ ਪਿੰਡਾਂ ਨੂੰ ਤੇਜ਼ ਵਹਾਅ ਤੋਂ ਬਚਾਅ ਕੇ ਰੱਖਦਾ ਹੈ, ਭਾਰੀ ਬਾਰਸ਼ ਮਗਰੋਂ ਜਮ? ਹਾਂ ਹੋਏ ਪਾਣੀ ਕਾਰਨ ਪਿੰਡ ਵਾਸੀਆਂ ਨੂੰ ਡਰ ਸੀ ਕਿ ਜੇਕਰ ਹਰਿਆਣਾ ਵਲੋਂ ਬੰਨ੍ਹ ਤੋੜ ਦਿਤਾ ਜਾਂਦਾ ਹੈ ਤਾਂ ਮਾਨਸਾ ਦੇ ਕਰੀਬ 400 ਪਿੰਡ ਡੁੱਬ ਸਕਦੇ ਹਨ। ਇਸ ਦੌਰਾਨ ਰਾਜਾ ਵੜਿੰਗ ਨੇ ਸਥਾਨਕ ਲੋਕਾਂ ਅਤੇ ਕਿਸਾਨਾਂ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਨੂੰ ਚਾਹੇ ਅਪਣੇ ਕੋਲੋਂ ਪੈਸੇ ਦੇਣੇ ਪੈਣ, ਪਰ ਉਹ ਪੰਜਾਬੀਆਂ ’ਤੇ ਕੋਈ ਮੁਸ਼ਕਲ ਨਹੀਂ ਆਉਣ ਦੇਣਗੇ। ਪੰਜਾਬ ਦੇ ਹੱਕਾਂ ’ਤੇ ਪਹਿਰਾ ਦਿੰਦਿਆਂ ਜਦੋਂ ਰਾਜਾ ਵੜਿੰਗ ਨੇ ਇਸ ਸਬੰਧੀ ਹਰਿਆਣਾ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪੰਜਾਬ ਦਾ ਅਧਿਕਾਰ ਖ਼ੇਤਰ ਨਹੀਂ ਹੈ। ਹਰਿਆਣਾ ਦੇ ਐਸ.ਡੀ.ਐਮ. ਨੇ ਰਾਜਾ ਵੜਿੰਗ ਅਤੇ ਹੋਰਾਂ ਨੂੰ ਹਰਿਆਣਾ ਦਾ ਇਲਾਕਾ ਖਾਲੀ ਕਰਨ ਲਈ ਕਿਹਾ, ਇਸ ਦੌਰਾਨ ਮਾਹੌਲ ਤਣਾਅਪੂਰਨ ਵੀ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਵਾਰ ਹਰਿਆਣਾ ਵਾਲੇ ਪਾਸਿਉਂ ਇਸ ਬੰਨ੍ਹ ਨੂੰ ਤੋੜ ਦਿਤਾ ਜਾਂਦਾ ਹੈ। ਇਸ ਤੋਂ ਪਹਿਲਾਂ 1993 ਅਤੇ 2010 ਵਿਚ ਵੀ ਅਜਿਹੇ ਹਾਲਾਤ ਪੈਦਾ ਹੋਏ ਸਨ, ਜਿਸ ਕਾਰਨ ਇਹ ਪਾਣੀ ਪੰਜਾਬ ਵਿਚ ਦਾਖ਼ਲ ਹੋ ਗਿਆ ਸੀ। ਹੁਣ ਵੀ ਭਾਰੀ ਮੀਂਹ ਮਗਰੋਂ ਪਹਿਲਾਂ ਵਰਗੇ ਹਾਲਾਤ ਬਣ ਗਏ। ਰਾਜਾ ਵੜਿੰਗ ਨੇ ਦੋਵੇਂ ਪਾਸਿਆਂ ਦੇ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਗੱਲ ਕਰਕੇ ਮਸਲੇ ਨੂੰ ਸੁਲਝਾਇਆ। ਉਨ੍ਹਾਂ ਕਿਹਾ ਕਿ ਬੰਨ੍ਹ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਪਿਛੇ ਤੋਂ ਦਰੱਖਤ ਅਤੇ ਹੋਰ ਜੰਗਲੀ ਬੂਟੀ ਬੰਨ੍ਹ ਵਿਚ ਰੁਕਾਵਟ ਬਣ ਰਹੀ ਹੈ, ਜਿਸ ਕਾਰਨ ਕਈ ਪਿੰਡ ਡੁੱਬ ਸਕਦੇ ਹਨ। ਸਥਾਨਕ ਲੋਕਾਂ ਨਾਲ ਗੱਲਬਾਤ ਦੌਰਾਨ ਪਤਾ ਲਗਿਆ ਕਿ ਪਹਿਲਾਂ ਹਰਿਆਣਾ ਵਾਲੇ ਪਾਸਿਉਂ ਪੋਕਲਾਈਨ ਨਾਲ ਸਫਾਈ ਕਰਵਾਈ ਜਾਂਦੀ ਸੀ ਪਰ ਹੜ੍ਹ ਦੇ ਖਤਰੇ ਨੂੰ ਦੇਖਦਿਆਂ ਉਨ੍ਹਾਂ ਨੇ ਇਹ ਕੰਮ ਰੋਕ ਦਿਤਾ ਅਤੇ ਮਸ਼ੀਨਾਂ ਵਾਪਸ ਲੈ ਗਏ। ਸਥਾਨਕ ਲੋਕਾਂ ਦੇ ਹਵਾਲੇ ਨਾਲ ਰਾਜਾ ਵੜਿੰਗ ਨੇ ਦਸਿਆ ਕਿ ਲੋਕਾਂ ਵਲੋਂ ਕਈ ਵਾਰ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੋਕਲਾਈਨ ਮੁਹਈਆ ਕਰਵਾਉਣ ਲਈ ਕਿਹਾ ਗਿਆ ਪਰ ਪ੍ਰਸ਼ਾਸਨ ਵਲੋਂ ਅਣਗਹਿਲੀ ਵਰਤੀ ਗਈ। ਰਾਜਾ ਵੜਿੰਗ ਨੇ ਹਰਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਦੋਵੇਂ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਆਪਸੀ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਖ਼ਤ ਪ੍ਰਬੰਧ ਕੀਤੇ ਜਾ ਸਕਣ। ਇਸ ਮਸਲੇ ਦੇ ਹੱਲ ਲਈ ਰਾਜਾ ਵੜਿੰਗ ਵਲੋਂ ਮੁੱਖ ਮੰਤਰੀ ਦਫ਼ਤਰ ਹਰਿਆਣਾ ਨਾਲ ਵੀ ਸੰਪਰਕ ਕੀਤਾ ਗਿਆ ਜਿਨ੍ਹਾਂ ਨੇ ਜਲਦ ਤੋਂ ਜਲਦ ਪੋਕਲਾਈਨ ਮੁਹਈਆ ਕਰਵਾਉਣ ਦਾ ਭਰੋਸਾ ਦਿਤਾ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਇਸ ਮਸਲੇ ਦੇ ਹੱਲ ਲਈ ਕੋਈ ਨਾ ਕੋਈ ਇਤਜ਼ਾਮ ਜ਼ਰੂਰ ਕਰ ਕੇ ਜਾਵਾਂਗਾ ਤਾਂ ਜੋ ਪੰਜਾਬੀਆਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

Leave a Reply

Your email address will not be published. Required fields are marked *