ਗਰਮਖਿਆਲੀਆਂ ਵਿਰੁਧ NIA ਦੀ ਵੱਡੀ ਕਾਰਵਾਈ : ਜਲੰਧਰ, ਬਰਨਾਲਾ ਅਤੇ ਹੋਰ ਜ਼ਿਲਿਆਂ ‘ਚ ਛਾਪੇਮਾਰੀ

ਜਲੰਧਰ : ਪੰਜਾਬ ‘ਚ ਅੱਜ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਸਬੰਧਾਂ ਨੂੰ ਲੈ ਕੇ ਕਈ ਸ਼ਹਿਰਾਂ ‘ਚ ਛਾਪੇਮਾਰੀ ਕੀਤੀ। ਪੰਜਾਬ ‘ਚ ਮੋਗਾ ਦੇ ਅਧੀਨ ਆਉਂਦੇ ਧੂਰਕੋਟ (ਨਿਹਾਲ ਸਿੰਘ ਵਾਲਾ), ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਅਤੇ ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਦੌਲਪੁਰ (ਕਿਸ਼ਨਗੜ੍ਹ) ‘ਚ ਵਿਦੇਸ਼ਾਂ ‘ਚ ਬੈਠੇ ਗਰਮਖਿਆਲੀਆਂ ਅਤੇ ਗੈਂਗਸਟਰਾਂ ਦੇ ਸਬੰਧਾਂ ਨੂੰ ਲੈ ਕੇ NIA ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਲੰਧਰ ਦੇ ਕਿਸ਼ਨਗੜ੍ਹ ਦੇ ਨਾਲ ਲੱਗਦੇ ਪਿੰਡ ਦੌਲਤਪੁਰ ‘ਚ ਸਾਬਕਾ ਸਰਪੰਚ ਮਲਕੀਤ ਸਿੰਘ ਦੌਲਤਪੁਰ, ਜੋ ਹੁਣ ਅਕਾਲੀ ਦਲ ਦੇ ਆਗੂ ਹਨ, ਦੇ ਘਰ ਛਾਪਾ ਮਾਰਿਆ ਹੈ। NIA ਦੀ ਟੀਮ ਨੇ ਮਲਕੀਤ ਸਿੰਘ ਦੌਲਤਪੁਰ ਦੇ ਘਰ ਸਵੇਰੇ ਕਰੀਬ 3 ਵਜੇ ਛਾਪਾ ਮਾਰਿਆ। ਉਸ ਸਮੇਂ ਸਾਰਾ ਪ੍ਰਵਾਰ ਸੌਂ ਰਿਹਾ ਸੀ। ਉਨ੍ਹਾਂ ਸਾਰਿਆਂ ਨੂੰ ਵੱਖ-ਵੱਖ ਕਮਰਿਆਂ ‘ਚ ਬਿਠਾ ਕੇ ਅਲੱਗ-ਅਲੱਗ ਪੁੱਛਗਿੱਛ ਕੀਤੀ। ਇਸੇ ਤਰ੍ਹਾਂ ਗੈਂਗਸਟਰ ਸਿੰਡੀਕੇਟ ਸਬੰਧੀ ਮੋਗਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਧੂਰਕੋਟ (ਨਿਹਾਲ ਸਿੰਘ ਵਾਲਾ) ਵਿਚ ਜਸਵਿੰਦਰ ਸਿੰਘ ਦੇ ਘਰ ਐਨਆਈਏ ਦੀ ਟੀਮ ਨੇ ਛਾਪਾ ਮਾਰਿਆ। NIA ਅਧਿਕਾਰੀ ਜਸਵਿੰਦਰ ਤੋਂ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਬਾਰੇ ਵੀ ਪੁੱਛਗਿੱਛ ਕਰ ਰਹੇ ਹਨ। NIA ਦੀ ਟੀਮ ਨੇ ਸਵੇਰੇ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਵਿਚ ਲਵਸ਼ਿੰਦਰ ਸਿੰਘ ਦੇ ਘਰ ਛਾਪਾ ਮਾਰਿਆ। ਲਵਸ਼ਿੰਦਰ ਸਿੰਘ ਪਿਛਲੇ ਦਿਨੀਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਵੀ ਰਹਿ ਚੁੱਕੇ ਹਨ। ਵਿਦੇਸ਼ਾਂ ‘ਚ ਬੈਠੇ ਗਰਮਖਿਆਲੀਆਂ ਅਤੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਪੁੱਛਗਿੱਛ ਜਾਰੀ ਹੈ। ਐਨਆਈਏ ਨੇ ਅੱਜ ਤੜਕੇ ਮੁਹਾਲੀ ਦੇ ਫੇਜ਼ 3ਬੀ2 ਵਿਚ ਅਤਿਵਾਦੀ ਪਰਮਜੀਤ ਸਿੰਘ ਪੰਮਾ ਦੇ ਘਰ ਛਾਪਾ ਮਾਰਿਆ ਹੈ। ਇਸ ਵਿਚ ਟੀਮ ਨੇ ਕਰੀਬ 2 ਘੰਟੇ ਤੱਕ ਉਸਦੇ ਘਰ ਦੀ ਜਾਂਚ ਕੀਤੀ। ਐਨਆਈਏ ਨੇ ਅਜੇ ਜਾਂਚ ਵਿੱਚ ਸ਼ਾਮਲ ਨਹੀਂ ਕੀਤਾ ਹੈ। ਉਸ ਨੇ ਉਸ ਦੇ ਘਰੋਂ ਕੁਝ ਵੀ ਨਹੀਂ ਲਿਆ ਹੈ। ਗਰਮਖਿਆਲੀ ਪੰਮਾ ਇਸ ਸਮੇਂ ਵਿਦੇਸ਼ ‘ਚ ਰਹਿੰਦਾ ਹੈ। ਉਸ ਦੇ ਬਜ਼ੁਰਗ ਮਾਤਾ-ਪਿਤਾ ਇੱਥੇ ਰਹਿੰਦੇ ਹਨ। ਉਸ ‘ਤੇ ਪੰਜਾਬ ਦੇ ਪਟਿਆਲਾ ਅਤੇ ਹਰਿਆਣਾ ਦੇ ਅੰਬਾਲਾ ‘ਚ ਬੰਬ ਧਮਾਕਿਆਂ ਦਾ ਦੋਸ਼ ਹੈ। ਪਿਛਲੇ ਕੁਝ ਦਿਨ ਪਹਿਲਾਂ ਗਰਮਖਿਆਲੀ ਪੰਮਾ ਦੇ ਘਰ NIA ਨੇ ਛਾਪਾ ਮਾਰਿਆ ਸੀ। ਸਾਲ 2020 ‘ਚ ਵੀ NIA ਨੇ ਛਾਪੇਮਾਰੀ ਕੀਤੀ ਸੀ। ਇੱਕ ਵਾਰ ਛਾਪੇਮਾਰੀ ਦੌਰਾਨ ਟਾਇਲਟ ਦੇ ਫਲੱਸ਼ ਟੈਂਕ ਵਿਚੋਂ ਕੁਝ ਅਪੱਤੀਜਨਕ ਦਸਤਾਵੇਜ਼ ਬਰਾਮਦ ਹੋਏ ਸਨ ਐਨਆਈਏ ਨੂੰ ਸ਼ੱਕ ਹੈ ਕਿ ਪੰਮਾ ਅਜੇ ਵੀ ਆਪਣੇ ਮਾਪਿਆਂ ਦੇ ਸੰਪਰਕ ਵਿਚ ਹੈ। ਉਸ ਨੇ 2000 ਤੋਂ ਯੂਕੇ ਵਿਚ ਆਪਣੇ ਪ੍ਰਵਾਰ ਨਾਲ ਸ਼ਰਨ ਲਈ ਹੈ। 2015 ਵਿਚ, ਉਸ ਨੂੰ ਪੁਰਤਗਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪਰ ਉਸ ਨੂੰ ਭਾਰਤ ਹਵਾਲੇ ਨਹੀਂ ਕੀਤਾ ਜਾ ਸਕਿਆ।

Leave a Reply

Your email address will not be published. Required fields are marked *