ਹਰਿਆਣਾ : ‘ਸ਼ੋਭਾ ਯਾਤਰਾ’ ਤੋਂ ਦੋ ਦਿਨ ਪਹਿਲਾਂ ਨੂਹ ਜ਼ਿਲ੍ਹੇ ’ਚ ਇੰਟਰਨੈੱਟ ਸੇਵਾ ਬੰਦ

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਸਨਿਚਰਵਾਰ ਨੂੰ ਨੂਹ ਜ਼ਿਲ੍ਹੇ ’ਚ 28 ਅਗੱਸਤ ਤਕ ਮੋਬਾਈਲ ਇੰਟਰਨੈੱਟ ਅਤੇ ‘ਬਲਕ ਐੱਸ.ਐੱਮ.ਐੱਸ.’ ਸੇਵਾ ਨੂੰ ਬੰਦ ਕਰਨ ਦਾ ਹੁਕਮ ਦਿਤਾ ਜਿਥੇ ਪਿਛਲੇ ਮਹੀਨੇ ਫ਼ਿਰਕੂ ਹਿੰਸਾ ਹੋਈ ਸੀ। ਸਰਕਾਰ ਨੇ ਹਿੰਦੂ ਜਥੇਬੰਦੀਆਂ ਨੇ ਇਕ ਵਾਰੀ ਫਿਰ ‘ਸ਼ੋਭਾ ਯਾਤਰਾ’ ਕੱਢਣ ਦੇ ਸੱਦੇ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਹੈ। ਸਰਕਾਰ ਨੇ ਸੋਮਵਾਰ ਨੂੰ ਕਰਵਾਈ ਜਾਣ ਵਾਲੀ ਯਾਤਰਾ ਤੋਂ ਪਹਿਲਾਂ ਜਾਂ ਇਸ ਦੌਰਾਨ ਅਸਮਾਜਕ ਤੱਤਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਅਫ਼ਵਾਹ ਫੈਲਾਏ ਜਾਣ ਦੇ ਸ਼ੱਕ ਕਾਰਨ ਸਬੰਧਤ ਹੁਕਮ ਜਾਰੀ ਕੀਤਾ। ਹੁਕਮ ਸਨਿਚਰਵਾਰ ਨੂੰ ਵਧੀਕ ਮੁੱਖ ਸਕੱਤਰ (ਗ੍ਰਹਿ) ਟੀ.ਵੀ.ਐੱਸ.ਐੱਨ. ਪ੍ਰਸਾਦ ਵਲੋਂ ਜਾਰੀ ਕੀਤਾ ਗਿਆ। ਹਰਿਆਣਾ ਸਰਕਾਰ ਨੇ ਪਹਿਲਾਂ ਵੀ ਫ਼ਿਰਕੂ ਹਿੰਸਾ ਤੋਂ ਬਾਅਦ ਨੂਹ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿਤਾ ਸੀ। ਵਿਸ਼ਵ ਹਿੰਦੂ ਪਰਿਸ਼ਦ (ਵੀ.ਐੱਚ.ਪੀ.) ਦੀ ‘ਬ੍ਰਿਜ ਮੰਡਲ ਸ਼ੋਭਾ ਯਾਤਰਾ’ ’ਤੇ 31 ਜੁਲਾਈ ਨੂੰ ਭੀੜ ਵਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਨੂਹ ’ਚ ਫ਼ਿਰਕੂ ਹਿੰਸਾ ਭੜਕ ਗਈ ਸੀ ਜਿਸ ’ਚ ਦੋ ਹੋਮ ਗਾਰਡ ਅਤੇ ਇਕ ਇਮਾਮ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ। ਪ੍ਰਸਾਦ ਵਲੋਂ ਜਾਰੀ ਕੀਤੇ ਹੁਕਮ ’ਚ ਕਿਹਾ ਗਿਆ, ‘‘ਇਹ ਹੁਕਮ ਨੂਹ ਜ਼ਿਲ੍ਹੇ ਦੇ ਅਧਿਕਾਰ ਖੇਤਰ ’ਚ ਸ਼ਾਂਤੀ ਅਤੇ ਜਨਤਕ ਵਿਵਸਥਾ ਕਾਇਮ ਰੱਖਣ ਲਈ ਜਾਰੀ ਕੀਤਾ ਗਿਆ ਹੈ ਜੋ 26 ਅਗੱਸਤ ਦੁਪਹਿਰ 12:00 ਵਜੇ ਤੋਂ 28 ਅਗੱਸਤ ਰਾਤ 11:59 ਮਿੰਟ ਤਕ ਅਸਰ ’ਚ ਰਹੇਗਾ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਨੂਹ ਦੇ ਉਪ-ਕਮਿਸ਼ਨਰ ਨੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਚਿੱਠੀ ਲਿਖ ਕੇ ਜਾਣੂ ਕਰਵਾਇਆ ਸੀ ਕਿ ਜ਼ਿਲ੍ਹੇ ’ਚ 28 ਅਗੱਸਤ ਨੂੰ ‘ਬ੍ਰਿਜ ਮੰਡਲ ਸ਼ੋਭਾ ਯਾਤਰਾ’ ਲਈ ‘ਸਰਵ ਜਾਤ ਹਿੰਦੂ ਮਹਾਪੰਚਾਇਤ’ ਦਾ ਸੱਦਾ ਦਿਤਾ ਗਿਆ ਉਨ੍ਹਾਂ ਅਸਮਾਜਕ ਤੱਤਾਂ ਵਲੋਂ ਸੋਸ਼ਲ ਮੀਡੀਆ ਦਾ ਦੁਰਉਪਯੋਗ ਕਰਨ ਦਾ ਵੀ ਸ਼ੱਕ ਪ੍ਰਗਟਾਇਆ ਸੀ। ਉਪ ਕਮਿਸ਼ਨਰ ਨੇ ਜ਼ਰੂਰੀ ਹਦਾਇਤਾਂ ਜਾਰੀ ਕਰਨ ਦੀ ਅਪੀਲ ਕਰਦਿਆਂ ਲਿਖਿਆ, ‘‘ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਨੂਹ ਜ਼ਿਲ੍ਹੇ ’ਚ ਸਾਰੇ ਮੋਬਾਈਲ ਇੰਟਰਨੈੱਟ ਅਤੇ ਬਲਕ ਐੱਸ.ਐੱਮ.ਐੱਸ. (ਇਕੱਠਿਆਂ ਕਾਫ਼ੀ ਗਿਣਤੀ ’ਚ ਸੰਦੇਸ਼ ਭੇਜਣਾ) ਸੇਵਾ ਨੂੰ ਬੰਦ ਕਰਨਾ ਜ਼ਰੂਰੀ ਹੈ।’’ ਪ੍ਰਸਾਦ ਨੇ ਸਨਿਚਰਵਾਰ ਨੂੰ ਜਾਰੀ ਅਪਣੇ ਹੁਕਮ ’ਚ ਕਿਹਾ ਕਿ ਮੋਬਾਈਲ ਇੰਟਰਨੈੱਟ, ਬਲਕ ਐੱਸ.ਐੱਮ.ਐੱਸ. (ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨੂੰ ਛੱਡ ਕੇ) ਨੂੰ ਅਸਥਾਈ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਲ ਨੂੰ ਛੱਡ ਕੇ ਮੋਬਾਈਲ ਨੈੱਟਵਰਕ ’ਤੇ ਪ੍ਰਦਾਨ ਕੀਤੀ ਜਾਣ ਵਾਲੀ ਡੋਂਗਲ ਸੇਵਾ ਵੀ ਅਸਥਾਈ ਰੂਪ ’ਚ ਬੰਦ ਰਹੇਗੀ।

Leave a Reply

Your email address will not be published. Required fields are marked *