ਮੁਹਾਲੀ – ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਕਰਨਲ ਮਨਪ੍ਰੀਤ ਸਿੰਘ, ਵਾਸੀ ਪਿੰਡ ਭਦੋਜੀਆ, ਨਿਊ ਚੰਡੀਗੜ੍ਹ, ਸ਼ਹੀਦ ਹੋ ਗਏ ਹਨ। ਉਨ੍ਹਾਂ ਦੇ ਪਿਤਾ ਸਵਰਗੀ ਲਖਬੀਰ ਸਿੰਘ ਵੀ ਫੌਜ ਵਿਚ ਸਿਪਾਹੀ ਸਨ। ਸ਼ਹੀਦ ਦਾ ਸਹੁਰਾ ਘਰ ਸੈਕਟਰ 26 ਪੰਚਕੂਲਾ ਵਿਚ ਹੈ। ਸ਼ਹੀਦ ਦੇ ਘਰ ਸੋਗ ਕਰਨ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਸ਼ਾਮ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਦੀ ਉਮੀਦ ਹੈ ਤੇ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਪਰਿਵਾਰ ਕਦੋਂ ਸਸਕਾਰ ਕਰਦਾ ਹੈ। ਕਰਨਲ ਮਨਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਲੈਫਟੀਨੈਂਟ ਕਰਨਲ ਤੋਂ ਕਰਨਲ ਵਜੋਂ ਤਰੱਕੀ ਦਿੱਤੀ ਗਈ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸ ਦੇ ਪਰਿਵਾਰ ਵਿਚ ਦੋ ਭਰਾ ਅਤੇ ਇੱਕ ਭੈਣ ਹੈ। ਉਹ ਆਪਣੇ ਪਿੱਛੇ 7 ਸਾਲ ਦਾ ਬੇਟਾ ਕਬੀਰ ਸਿੰਘ ਅਤੇ ਢਾਈ ਸਾਲ ਦੀ ਬੇਟੀ ਬਾਣੀ ਸਮੇਤ ਪਰਿਵਾਰ ਛੱਡ ਗਿਆ ਹੈ। ਭਰਾ ਦਾ ਨਾਂ ਸੰਦੀਪ ਸਿੰਘ ਅਤੇ ਭੈਣ ਦਾ ਨਾਂ ਸੰਦੀਪ ਕੌਰ ਹੈ। ਦੋਵੇਂ ਉਸ ਤੋਂ ਛੋਟੇ ਹਨ। ਜਾਣਕਾਰੀ ਅਨੁਸਾਰ ਮਨਪ੍ਰੀਤ ਨੇ ਮੰਗਲਵਾਰ ਨੂੰ ਹੀ ਅਪਣੇ ਭਰਾ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਉਹ ਅਗਲੇ ਮਹੀਨੇ ਘਰ ਛੁੱਟੀ ‘ਤੇ ਆਵੇਗਾ। ਮਨਪ੍ਰੀਤ ਨੇ ਅਪਣੇ ਭਰਾ ਨੂੰ ਇਹ ਵੀ ਕਿਹਾ ਸੀ ਕਿ ਉਹ ਉਸ ਦੀਆਂ ਕਿਤਾਬਾਂ ਸੈੱਟ ਕਰ ਕੇ ਰੱਖੇ ਕਿਉਂਕਿ ਉਸ ਨੇ ਹੁਣ ਅਪਣੀ ਅਗਲੀ ਪ੍ਰੋਮਸ਼ਨ ਦੀ ਤਿਆਰੀ ਕਰਨੀ ਹੈ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ 2 ਸਾਲ ਪਹਿਲਾਂ ਸੈਨਾ ਵੱਲੋਂ ਸੈਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 19 ਰਾਸ਼ਟਰੀ ਰਾਈਫਲਜ਼ ‘ਚ ਲੈਫਟੀਨੈਂਟ ਕਰਨਲ ਦੇ ਅਹੁਦੇ ‘ਤੇ ਸੇਵਾ ਨਿਭਾਅ ਰਹੇ ਹਨ। 2021 ਵਿਚ ਇਸੇ ਬਟਾਲੀਅਨ ਨੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ ਅੱਤਵਾਦੀਆਂ ਦਾ ਸਾਹਮਣਾ ਕੀਤਾ ਸੀ ਅਤੇ ਉਸ ਸਮੇਂ ਦੇ ਲੈਫਟੀਨੈਂਟ ਕਰਨਲ ਮਨਪ੍ਰੀਤ ਸਿੰਘ ਨੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਹ ਉਹੀ ਬਟਾਲੀਅਨ ਹੈ ਜਿਸ ਨੇ 2016 ‘ਚ ਅੱਤਵਾਦੀ ਬੁਰਹਾਨ ਵਾਨੀ ਨੂੰ ਮਾਰ ਦਿੱਤਾ ਸੀ।