ਮਨੀਪੁਰ ਹਿੰਸਾ : ਪਿਛਲੇ ਚਾਰ ਮਹੀਨਿਆਂ ’ਚ 175 ਲੋਕਾਂ ਦੀ ਮੌਤ, 1100 ਲੋਕ ਜ਼ਖ਼ਮੀ

ਇੰਫ਼ਾਲ: ਮਨੀਪੁਰ ’ਚ ਮਈ ਤੋਂ ਸ਼ੁਰੂ ਹੋਈ ਜਾਤ ਅਧਾਰਤ ਹਿੰਸਾ ’ਚ ਹੁਣ ਤਕ ਘੱਟ ਤੋਂ ਘੱਟ 175 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1108 ਲੋਕ ਜ਼ਖ਼ਮੀ ਹੋਏ ਹਨ ਅਤੇ 23 ਲੋਕ ਲਾਪਤਾ ਹਨ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਨੇ ਕਿਹਾ ਕਿ ਇਸ ਹਿੰਸਾ ’ਚ ਕੁਲ 4786 ਮਕਾਨਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਅਤੇ 386 ਧਾਰਮਕ ਅਸਥਾਨਾਂ ਨੂੰ ਨਸ਼ਟ ਕੀਤਾ ਗਿਆ। ਪੁਲਿਸ ਸੂਪਰਡੈਂਟ (ਆਪਰੇਸ਼ਨਜ਼) ਆਈ.ਕੇ. ਮੁਈਆ ਨੇ ਕਿਹਾ, ‘‘ਮਨੀਪੁਰ ਇਸ ਸਮੇਂ ਜਿਸ ਚੁਨੌਤੀਪੂਰਨ ਸਮੇਂ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ ’ਚ ਅਸੀਂ ਤੁਹਾਨੂੰ ਭਰੋਸਾ ਦੇ ਸਕਦੇ ਹਾਂ ਕਿ ਕੇਂਦਰੀ ਬਲ, ਪੁਲਿਸ ਅਤੇ ਪ੍ਰਸ਼ਾਸਨ ਆਮ ਸਥਿਤੀ ਬਹਾਲ ਕਰਨ ਲਈ 24 ਘੰਟੇ ਕੰਮ ਕਰ ਰਹੇ ਹਨ।’’ ਮੁਈਆ ਨੇ ਵੀਰਵਾਰ ਨੂੰ ਕਿਹਾ ਕਿ ਜੋ ਹਥਿਆਰ ‘ਗੁਆਚ’ ਗਏ ਸਨ, ਉਨ੍ਹਾਂ ’ਚੋਂ 1359 ਫ਼ਾਇਰ ਆਰਮ ਅਤੇ 15,050 ਗੋਲਾ-ਬਾਰੂਦ ਬਰਾਮਦ ਕਰ ਲਏ ਗਏ ਹਨ। ਹਿੰਸਾ ਦੌਰਾਨ ਕਥਿਤ ਤੌਰ ’ਤੇ ਦੰਗਾਈਆਂ ਨੇ ਵੱਡੀ ਗਿਣਤੀ ’ਚ ਪੁਲਿਸ ਦੇ ਹਥਿਆਰ ਅਤੇ ਗੋਲਾ-ਬਾਰੂਦ ਲੁੱਟ ਲਏ ਸਨ। ਮੁਈਆ ਨੇ ਕਿਹਾ ਕਿ ਇਸ ਦੌਰਾਨ ਅੱਗਜ਼ਨੀ ਨਾਲ ਘੱਟ ਤੋਂ ਘੱਟ 5172 ਮਾਮਲੇ ਦਰਜ ਕੀਤੇ ਗਏ ਅਤੇ 254 ਗਿਰਜਾ ਘਰ ਅਤੇ 132 ਮੰਦਰਾਂ ਸਮੇਤ 386 ਧਾਰਮਕ ਅਸਥਾਨਾਂ ’ਚ ਤੋੜ-ਭੰਨ ਕੀਤੀ ਗਈ। ਪੁਲਿਸ ਇੰਸਪੈਕਟਰ ਜਨਰਲ (ਪ੍ਰਸ਼ਾਸਨ) ਕੇ. ਜੈਯੰਤ ਨੇ ਕਿਹਾ ਕਿ ਮਾਰੇ ਗਏ 175 ਲੋਕਾਂ ’ਚੋਂ 9 ਦੀ ਅਜੇ ਤਕ ਵੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ, ‘‘79 ਲਾਸ਼ਾਂ ਦੇ ਰਿਸ਼ਤੇਦਾਰਾਂ ਦਾ ਪਤਾ ਲੱਗ ਗਿਆ ਹੈ ਜਦਕਿ 96 ਲਾਸ਼ਾਂ ਲਾਵਾਰਸ ਹਨ। ਇੰਫ਼ਾਲ ਸਥਿਤ ਰਿਮਸ (ਸਥਾਨਕ ਮੈਡੀਕਲ ਸੰਸਥਾਨ) ਅਤੇ ਜਵਾਹਰ ਲਾਲ ਨਹਿਰੂ ਮੈਡੀਕਲ ਸੰਸਥਾਨ ’ਚ ਲੜੀਵਾਰ 28 ਅਤੇ 26 ਲਾਸ਼ਾਂ ਰਖੀਆਂ ਗਈਆਂ ਹਨ, 42 ਲਾਸ਼ਾਂ ਚੁਰਾਚਾਂਦਪੁਰ ਹਸਪਤਾਲ ’ਚ ਹਨ।’’ ਜੈਯੰਤ ਨੇ ਕਿਹਾ ਕਿ 9332 ਮਾਮਲੇ ਦਰਜ ਕੀਤੇ ਗਏ ਹਨ ਅਤੇ 325 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਇੰਸਪੈਕਟਰ ਜਨਰਲ (ਜੋਨ-3) ਨਿਸ਼ਿਤ ਉੱਜਵਲ ਨੇ ਕਿਹਾ ਕਿ ਐੱਨ.ਐੱਚ.-32 ਅਤੇ ਐੱਨ.ਐੱਚ.-2 ਆਮ ਤੌਰ ’ਤੇ ਚਾਲੂ ਹਨ। ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦੇਣ ਦੀ ਮੈਤੇਈ ਲੋਕਾਂ ਦੀ ਮੰਗ ਵਿਰੁਧ ਪਹਾੜੀ ਜ਼ਿਲ੍ਹਿਆਂ ’ਚ ਜਨਜਾਤੀ ਇਕਜੁਟਤਾ ਮਾਰਚ ਕਰਵਾਉਣ ਤੋਂ ਬਾਦਅ ਤਿੰਨ ਮਈ ਨੂੰ ਸੂਬੇ ’ਚ ਜਾਤ ਅਧਾਰਤ ਹਿੰਸਾ ਭੜਕ ਗਈ ਸੀ। ਮਨੀਪੁਰ ’ਚ ਆਬਾਦੀ ’ਚ ਮੈਤੇਈ ਲੋਕਾਂ ਦੀ ਆਬਾਦੀ ਲਗਭਗ 53 ਫ਼ੀ ਸਦੀ ਹੈ ਅਤੇ ਉਹ ਜ਼ਿਆਦਾਤਰ ਇੰਫ਼ਾਲ ਵਾਦੀ ’ਚ ਰਹਿੰਦੇ ਹਨ। ਨਗਾ ਅਤੇ ਕੁਕੀ 40 ਫ਼ੀ ਸਦੀ ਤੋਂ ਕੁਝ ਵੱਧ ਹਨ ਅਤੇ ਪਹਾੜੀ ਜ਼ਿਲ੍ਹਿਆਂ ’ਚ ਰਹਿੰਦੇ ਹਨ।

Leave a Reply

Your email address will not be published. Required fields are marked *