ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ‘ਤੇ ਹਨ। ਪੰਜਾਬ ਪਹੁੰਚ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਥੇ ਮੱਥਾ ਟੇਕਿਆ ਤੇ ਰੁਮਾਲਾ ਸਾਹਿਬ ਵੀ ਭੇਟ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਲੰਗਰ ਹਾਲ ਵਿਚ ਬਰਤਨ ਮਾਂਜਣ ਦੀ ਸੇਵਾ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਸਿਰ ‘ਤੇ ਨੀਲੇ ਰੰਗ ਦਾ ਖੰਡੇ ਵਾਲਾ ਪਟਕਾ ਬੰਨ੍ਹਿਆ ਤੇ ਇਸ ਤੋਂ ਪਹਿਲਾਂ ਜਦੋਂ ਉਹ ਜੋੜੋ ਯਾਤਰਾ ਦੌਰਾਨ ਸ੍ਰੀ ਦਰਬਾਰ ਸਾਹਿਬ ਆਏ ਸਨ ਤਾਂ ਉਨ੍ਹਾਂ ਨੇ ਪੱਗ ਬੰਨ੍ਹੀ ਸੀ। ਉਨ੍ਹਾਂ ਦੀ ਇਸ ਫੇਰੀ ਨੂੰ ਨਿੱਜੀ ਰੱਖਿਆ ਗਿਆ ਹੈ, ਇਸ ਦੌਰਾਨ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਕਾਂਗਰਸੀ ਆਗੂ ਉਨ੍ਹਾਂ ਦਾ ਸਵਾਗਤ ਕਰਨ ਲਈ ਨਹੀਂ ਪੁੱਜੇ, ਕਾਂਗਰਸੀ ਐੱਮਪੀ ਗੁਰਜੀਤ ਔਜਲਾ ਨੇ ਰਾਹੁਲ ਗਾਂਧੀ ਦਾ ਸਿਰਫ਼ ਏਅਰਪੋਰਟ ‘ਤੇ ਹੀ ਸਵਾਗਤ ਕੀਤਾ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਵੀ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ।