ਪੰਜਾਬ ਵਿਚ ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਸਟੰਟ ਕਰਨ ’ਤੇ ਲੱਗੀ ਪਾਬੰਦੀ

ਬੀਤੇ ਦਿਨ ਗੁਰਦਾਸਪੁਰ ‘ਚ ਮੇਲੇ ਦੌਰਾਨ ਟਰੈਕਟਰ ‘ਤੇ ਸਟੰਟ ਕਰਦੇ ਹੋਏ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਦਾ ਵੀਡੀਉ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਸਟੰਟ ਕਰਨ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਇਸ ਸਬੰਧੀ ਟਵੀਟ ਕਰਦਿਆਂ ਉਨ੍ਹਾਂ ਕਿਹਾ, “ਪਿਆਰੇ ਪੰਜਾਬੀਓ, ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ…ਇਸ ਨੂੰ ਮੌਤ ਦਾ ਦੂਤ ਨਾ ਬਣਾਓ। ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ ’ਤੇ ਪੰਜਾਬ ਚ ਪਾਬੰਦੀ ਲਗਾਈ ਜਾ ਰਹੀ ਹੈ…ਬਾਕੀ ਵੇਰਵੇ ਜਲਦੀ..”। ਦੱਸ ਦੇਈਏ ਕਿ ਫਤਿਹਗੜ੍ਹ ਚੂੜੀਆਂ ਹਲਕੇ ਦੇ ਇਕ ਪਿੰਡ ਵਿਚ ਸ਼ਨੀਵਾਰ ਨੂੰ 29 ਸਾਲਾ ਸੁਖਮਨ ਸਿੰਘ ਦੀ ਮੌਤ ਹੋ ਗਈ ਸੀ। ਸੁਖਮਨਦੀਪ ਸਿੰਘ ਟਾਇਰ ‘ਤੇ ਪੈਰ ਰੱਖ ਕੇ ਟਰੈਕਟਰ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਗੱਡੀ ‘ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਉਸ ਦਾ ਪੈਰ ਚਿੱਕੜ ‘ਚ ਫਸ ਗਿਆ ਅਤੇ ਉਹ ਡਿੱਗ ਗਿਆ। ਇਸ ਤੋਂ ਬਾਅਦ ਉਹ ਟਰੈਕਟਰ ਦੇ ਟਾਇਰ ਹੇਠਾਂ ਕੁਚਲਿਆ ਗਿਆ। ਇਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਜ਼ਿਲ੍ਹੇ ਦੇ ਡੀਸੀ ਨੇ ਜਾਂਚ ਦੇ ਹੁਕਮ ਦਿਤੇ ਸਨ।

Leave a Reply

Your email address will not be published. Required fields are marked *