ਰਾਜਸਥਾਨ ਦੇ ਦੌਸਾ ਵਿਚ ਇਕ ਭਿਆਨਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ 24 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਡੀਐਮ ਸਮੇਤ ਸਾਰੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਨੈਸ਼ਨਲ ਹਾਈਵੇ-21 ‘ਤੇ ਵਾਪਰਿਆ। ਇਥੇ ਇਕ ਯਾਤਰੀ ਬੱਸ ਪੁਲੀ ਦੀ ਰੇਲਿੰਗ ਤੋੜ ਕੇ ਹੇਠਾਂ ਰੇਲਵੇ ਟਰੈਕ ‘ਤੇ ਜਾ ਡਿੱਗੀ, ਜਿਸ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਵੀ ਠੱਪ ਹੋ ਗਈ। ਦੌਸਾ ਦੇ ਡੀਐਮ ਕਮਰ ਚੌਧਰੀ ਅਨੁਸਾਰ ਐਤਵਾਰ ਰਾਤ ਕਰੀਬ 2.15 ਵਜੇ ਨੈਸ਼ਨਲ ਹਾਈਵੇਅ-21 ‘ਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਇਥੇ ਹਰਿਦੁਆਰ ਤੋਂ ਜੈਪੁਰ ਵੱਲ ਜਾ ਰਹੀ ਇਕ ਯਾਤਰੀ ਬੱਸ ਬੇਕਾਬੂ ਹੋ ਕੇ ਲੋਹੇ ਦੀ ਰੇਲਿੰਗ ਤੋੜ ਕੇ ਪੁਲੀ ਤੋਂ ਹੇਠਾਂ ਜਾ ਡਿੱਗੀ। ਬੱਸ ਪੁਲੀ ਤੋਂ ਰੇਲਵੇ ਟਰੈਕ ‘ਤੇ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪੁਲਿਸ ਅਤੇ ਐਂਬੂਲੈਂਸ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਹਾਦਸੇ ਤੋਂ ਤੁਰੰਤ ਬਾਅਦ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਹਾਦਸੇ ਦੀ ਸੂਚਨਾ ਰੇਲਵੇ ਕੰਟਰੋਲ ਰੂਮ ਨੂੰ ਮਿਲਦੇ ਹੀ ਜੈਪੁਰ-ਦਿੱਲੀ ਰੇਲਵੇ ਲਾਈਨ ਦੇ ਅੱਪ ਅਤੇ ਡਾਊਨ ਟ੍ਰੈਕ ‘ਤੇ ਟਰੇਨਾਂ ਦੀ ਆਵਾਜਾਈ ਤੁਰੰਤ ਰੋਕ ਦਿਤੀ ਗਈ। ਮੌਕੇ ‘ਤੇ ਰੇਲਵੇ ਅਧਿਕਾਰੀ ਵੀ ਪਹੁੰਚ ਗਏ। ਜਾਣਕਾਰੀ ਮੁਤਾਬਕ ਹਰਿਦੁਆਰ ਤੋਂ ਜੈਪੁਰ ਵੱਲ ਜਾ ਰਹੀ ਇਹ ਯਾਤਰੀ ਬੱਸ ਕਰੀਬ 2.15 ਵਜੇ ਬੇਕਾਬੂ ਹੋ ਗਈ। ਤੇਜ਼ ਰਫਤਾਰ ਬੱਸ ਲੋਹੇ ਦੀ ਰੇਲਿੰਗ ਤੋੜ ਕੇ ਡਿਵਾਈਡਰ ਰਾਹੀਂ ਸਿੱਧੀ ਪਟੜੀ ‘ਤੇ ਜਾ ਡਿੱਗੀ।