ਮਲੋਟ- ਥਾਣਾ ਸਿਟੀ ਮਲੋਟ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਕਾਰ ਦੀ ਤਲਾਸ਼ੀ ਦੌਰਾਨ ਇਕ ਵਿਅਕਤੀ ਤੋਂ ਇਕ ਕਿਲੋ ਅਫੀਮ ਬਰਾਮਦ ਕੀਤੀ ਗਈ। ਪੁਲਿਸ ਨੇ ਉਸ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕੀਤਾ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਿਉਹਾਰਾਂ ਦੇ ਮੱਦੇਨਜ਼ਰ ਥਾਣਾ ਸਿਟੀ ਮਲੋਟ ਪੁਲਿਸ ਵਲੋਂ ਕੀਤੀ ਨਾਕਾਬੰਦੀ ਦੌਰਾਨ ਸ਼ੱਕ ਹੋਣ ‘ਤੇ ਤਲਾਸ਼ੀ ਕੀਤੀ ਜਾ ਰਹੀ ਹੈ। ਤਲਾਸ਼ੀ ਦੌਰਾਨ ਸ਼ੱਕ ਦੇ ਆਧਾਰ ‘ਤੇ ਇਕ ਕਾਰ ਦੀ ਤਲਾਸ਼ੀ ਲਈ ਗਈ। ਤਲਾਸ਼ੀ ਵਿਚ ਉਸ ਕਾਰ ਵਿਚੋਂ 1 ਕਿਲੋ ਅਫੀਮ ਬਰਾਮਦ ਕੀਤੀ ਗਈ। ਥਾਣਾ ਸਿਟੀ ਮਲੋਟ ਦੇ ਥਾਣਾ ਮੁਖੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਮਲੋਟ ਪੁਲਿਸ ਵਲੋਂ ਸੇਤੀਆ ਢਾਬਾ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਮਰਸਡੀਜ਼ ਕਾਰ DL 10 CG 0375 ਆਉਂਦੀ ਦਿਖਾਈ ਦਿੱਤੀ ਜਿਸ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਵਿਅਕਤੀ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸੁਖਚੈਨ ਸਿੰਘ ਉਰਫ਼ ਚੈਨੀ ਪੁੱਤਰ ਦਲ ਸਿੰਘ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਦੱਸਿਆ। ਸ਼ੱਕ ਦੇ ਆਧਾਰ ’ਤੇ ਕਾਰ ਦੀ ਤਲਾਸ਼ੀ ਲੈਣ ਸਮੇਂ ਉਸ ਪਾਸੋਂ 1 ਕਿਲੋ ਅਫੀਮ ਬਰਾਮਦ ਹੋਈ ਜਿਸ ਦੇ ਚਲਦਿਆਂ ਉਕਤ ਦੋਸ਼ੀ ‘ਤੇ ਥਾਣਾ ਸਿਟੀ ਮਲੋਟ ਪੁਲਿਸ ਵਲੋਂ ਮੁਕੱਦਮਾ ਨੰ 194 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਹੋਰ ਪੁੱਛਗਿੱਛ ਲਈ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।