ਅੰਮ੍ਰਿਤਸਰ ‘ਚ ਆਪ ਆਗੂ ਦੇ ਭਰਾ ਨੂੰ ਗੋਲੀਆਂ ਨਾਲ ਭੁੰਨਿਆ, ਸੀਵਰੇਜ ਦੀ ਸਫਾਈ ਨੂੰ ਲੈ ਕੇ ਹੋਈ ਲੜਾਈ

ਅੰਮ੍ਰਿਤਸਰ ‘ਚ ਆਪ ਆਗੂ ਦੇ ਭਰਾ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਭੱਜ ਗਏ। ਕਾਂਗਰਸ ਪਾਰਟੀ ਦੇ ਕੁਝ ਆਗੂਆਂ ‘ਤੇ ਇਹ ਹਮਲਾ ਕਰਵਾਉਣ ਦੇ ਦੋਸ਼ ਲੱਗੇ ਹਨ। ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਦੇ 65 ਨੰਬਰ ਵਾਰਡ ਵਿਚ ਇਹ ਵਾਰਦਾਤ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਤੇ ਉਸ ਦੇ ਸਮਰਥਕਾਂ ਵਲੋਂ ਗੋਲੀ ਚਲਾਈ ਗਈ। ਮਾਮਲਾ ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਦਾ ਦੱਸਿਆ ਜਾ ਰਿਹਾ ਹੈ, ਜਿਸ ਦੇ ਚਲਦੇ ਕਾਂਗਰਸ ਪਾਰਟੀ ਦੇ ਕੌਂਸਲਰ ਤੇ ਉਸ ਦੇ ਸਮਰਥਕਾਂ ਵੱਲੋਂ ਅਮਨ ਅਰੋੜਾ ਉਤੇ ਗੋਲੀ ਚਲਾ ਦਿੱਤੀ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਮੌਕੇ ਉਤੇ ਪੁੱਜੇ ਤੇ ਜਾਂਚ ਕੀਤੀ ਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਅੱਜ ਤੜਕਸਾਰ ਸਭ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਵਿਚ ਇਕ ਪੁਲਿਸ ਅਧਿਕਾਰੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ਤੋਂ ਬਾਅਦ ਥਾਣਾ ਛੇਹਰਟਾ ਵਿਚ ਇਕ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਸਾਢੇ 4 ਲੱਖ ਰੁਪਏ ਦੀ ਗੋਲੀਆਂ ਚਲਾ ਕੇ ਲੁੱਟ ਕਰ ਲਈ ਗਈ। ਉਥੇ ਹੀ ਤੀਸਰੀ ਵਾਰਦਾਤ ਵਿਚ ਪੁਤਲੀਘਰ ਤੇ ਯਾਦ ਨਗਰ ਇਲਾਕੇ ਵਿਚ ਆਮ ਆਦਮੀ ਪਾਰਟੀ ਦੇ ਆਗੂ ਦੇ ਭਰਾ ਤੇ ਕਾਂਗਰਸ ਪਾਰਟੀ ਦੇ ਕੌਂਸਲਰ ਵੱਲੋਂ ਗੋਲੀਆਂ ਚਲਾਈਆਂ ਗਈਆਂ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਦੇ ਭਰਾ ਤੇ ਆਮ ਆਦਮੀ ਪਾਰਟੀ ਦੇ ਆਗੂ ਡਿੰਪਲ ਅਰੋੜਾ ਨੇ ਦੱਸਿਆ ਕਿ ਗਲੀ ਵਿਚ ਸੀਵਰੇਜ ਸਫ਼ਾਈ ਕਰਨ ਲਈ ਗੱਡੀ ਆਈ ਹੋਈ ਸੀ। ਜਦੋਂ ਅਸੀਂ ਸੀਵਰੇਜ ਸਾਫ਼ ਕਰਵਾ ਰਹੇ ਸੀ ਤਾਂ ਇੰਨੇ ਨੂੰ ਕਾਂਗਰਸ ਪਾਰਟੀ ਦਾ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਤੇ ਉਸ ਦੇ ਸਮਰਥਕ ਮੌਕੇ ਉਤੇ ਆ ਗਏ ਤੇ ਤੂੰ-ਤੂੰ ਮੈਂ-ਮੈਂ ਕਰਨ ਲੱਗੇ, ਜਿਸ ਦੇ ਚਲਦੇ ਉਨ੍ਹਾਂ ਵੱਲੋਂ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਜੋ ਇਕ ਗੋਲੀ ਮੇਰੇ ਭਰਾ ਅਮਨ ਅਰੋੜਾ ਨੂੰ ਲੱਗੀ, ਉਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *