ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਸ਼ੁਕਰਵਾਰ ਨੂੰ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੀ ਇਸ ਟਿਪਣੀ ਲਈ ਸਖਤ ਕਾਰਵਾਈ ਦੀ ਮੰਗ ਕੀਤੀ ਕਿ ਜੇਕਰ ਸੂਬੇ ’ਚ ਭਾਜਪਾ ਤੋਂ ਇਲਾਵਾ ਕੋਈ ਹੋਰ ਪਾਰਟੀ ਚੋਣ ਜਿੱਤਦੀ ਹੈ ਤਾਂ ਪਾਕਿਸਤਾਨ ’ਚ ਜਸ਼ਨ ਮਨਾਇਆ ਜਾਵੇਗਾ। ਨਰੋਤਮ ਮਿਸ਼ਰਾ ਦਾ ਇਹ ਬਿਆਨ ਸ਼ੁਕਰਵਾਰ ਸਵੇਰੇ ਅਜਿਹੇ ਸਮੇਂ ਆਇਆ ਜਦੋਂ ਮੱਧ ਪ੍ਰਦੇਸ਼ ਦੀ 230 ਮੈਂਬਰੀ ਵਿਧਾਨ ਸਭਾ ਲਈ ਵੋਟਿੰਗ ਚਲ ਰਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਸੇਵਾ ਕਰਨ ਵਾਲਿਆਂ ਨੂੰ ਭਾਜਪਾ ਨੂੰ ਵੋਟ ਕਰਨੀ ਚਾਹੀਦੀ ਹੈ। ਇਸ ਬਿਆਨ ’ਤੇ ਦਿਗਵਿਜੇ ਸਿੰਘ ਨੇ ਕਿਹਾ, ‘‘ਇਹ ਭੜਕਾਊ ਬਿਆਨ ਹੈ। ਉਸ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੂੰ ਉਸ ਨੂੰ ਤੁਰਤ ਨੋਟਿਸ ਦੇਣਾ ਚਾਹੀਦਾ ਹੈ।’’ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਅਜਿਹੇ ਬਿਆਨ ਦੇਣਾ ਮਿਸ਼ਰਾ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਮਿਸ਼ਰਾ ਦੇ ਵਿਰੁਧ ਚੋਣ ਨਾਲ ਸਬੰਧਤ ਇਕ ਹੋਰ ਕੇਸ ਵੀ ਅਦਾਲਤ ’ਚ ਵਿਚਾਰ ਅਧੀਨ ਹੈ ਅਤੇ ਮੰਤਰੀ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ ਉਸ ਨੂੰ ਵੇਖਦਿਆਂ ਉਨ੍ਹਾਂ ਨੂੰ ਚੋਣ ਲੜਨ ਦਾ ਕੋਈ ਅਧਿਕਾਰ ਨਹੀਂ ਹੈ। ਕਾਂਗਰਸੀ ਆਗੂ ਜੀਤੂ ਪਟਵਾਰੀ ਨੇ ਵੀ ਕਿਹਾ ਕਿ ਮਿਸ਼ਰਾ ਦਾ ਬਿਆਨ ਸੱਤਾਧਾਰੀ ਭਾਜਪਾ ਦੇ ਪਾਪਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਵਾਂਗ ਹੈ। ਉਨ੍ਹਾਂ ਕਿਹਾ, ‘‘ਜਦੋਂ ਆਮ ਨਾਗਰਿਕ ਕੋਵਿਡ-19 ਕਾਰਨ ਬੇਰੋਜ਼ਗਾਰ ਹੋ ਜਾਂਦੇ ਹਨ ਅਤੇ ਇਲਾਜ ਦੀ ਘਾਟ ਕਾਰਨ ਮਰ ਜਾਂਦੇ ਹਨ, ਤਾਂ ਹਿੰਦੂ-ਮੁਸਲਿਮ ਅਤੇ ਭਾਰਤ-ਪਾਕਿਸਤਾਨ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ।’’ ਇਸ ਤੋਂ ਪਹਿਲਾਂ ਦਤੀਆ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਸ਼ਰਾ ਨੇ ਕਿਹਾ ਕਿ ਭਾਜਪਾ ਦੇ ਚੋਣ ਨਿਸ਼ਾਨ ਦਾ ਬਟਨ ਦਬਾਉਣ ਨਾਲ ਮੁਫਤ ਰਾਸ਼ਨ, ਘਰ, ਪਖਾਨਾ, ਕਰੋਨਾ ਵੈਕਸੀਨ, ਦੇਸ਼ ਵਿਚ ਸ਼ਾਂਤੀ ਅਤੇ ਸੁਰੱਖਿਆ, ਵੰਦੇ ਭਾਰਤ ਟਰੇਨ ਅਤੇ ਹੋਰ ਸਹੂਲਤਾਂ ਮਿਲਦੀਆਂ ਹਨ। ਮਿਸ਼ਰਾ ਦਤੀਆ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ।