ਬਾਂਕੁੜਾ (ਪਛਮੀ ਬੰਗਾਲ), 20 ਨਵੰਬਰ: ਕ੍ਰਿਕਟ ਵਿਸ਼ਵ ਕੱਪ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ ਭਾਰਤ ਦੀ ਹਾਰ ਤੋਂ ਬਾਅਦ ਪਛਮੀ ਬੰਗਾਲ ਦੇ ਬਾਂਕੁੜਾ ਜ਼ਿਲ੍ਹੇ ’ਚ ਇਕ 23 ਸਾਲਾ ਨੌਜਵਾਨ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਉਸ ਦੇ ਪਰਿਵਾਰਕ ਜੀਆਂ ਨੇ ਇਸ ਦੀ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਘਟਨਾ ਐਤਵਾਰ ਰਾਤ ਕਰੀਬ 11 ਵਜੇ ਬੇਲਿਆਟੋਰ ਥਾਣਾ ਖੇਤਰ ਦੇ ਸਿਨੇਮਾ ਹਾਲ ਦੇ ਕੋਲ ਵਾਪਰੀ। ਉਨ੍ਹਾਂ ਦਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਰਾਹੁਲ ਲੋਹਾਰ ਵਜੋਂ ਹੋਈ ਹੈ। ਰਾਹੁਲ ਦੇ ਰਿਸ਼ਤੇਦਾਰ ਉੱਤਮ ਸੁਰ ਨੇ ਦਸਿਆ ਕਿ ਉਹ ਇਲਾਕੇ ’ਚ ਕਪੜੇ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਫਾਈਨਲ ਮੈਚ ਵੇਖਣ ਲਈ ਐਤਵਾਰ ਨੂੰ ਛੁੱਟੀ ਲੈ ਕੇ ਗਿਆ ਸੀ। ਸੁਰ ਨੇ ਕਿਹਾ ਕਿ ਆਸਟ੍ਰੇਲੀਆ ਹੱਥੋਂ ਭਾਰਤ ਦੀ ਹਾਰ ਤੋਂ ਦੁਖੀ ਹੋ ਕੇ ਉਸ ਨੇ ਅਪਣੇ ਕਮਰੇ ’ਚ ਫਾਹਾ ਲੈ ਲਿਆ। ਸੁਰ ਨੇ ਦਾਅਵਾ ਕੀਤਾ ਕਿ ਉਸ ਦੀ ਜ਼ਿੰਦਗੀ ’ਚ ਹੋਰ ਕੋਈ ਸਮੱਸਿਆ ਨਹੀਂ ਸੀ। ਪੁਲਿਸ ਨੇ ਦਸਿਆ ਕਿ ਰਾਹੁਲ ਦੀ ਲਾਸ਼ ਨੂੰ ਸੋਮਵਾਰ ਸਵੇਰੇ ਪੋਸਟਮਾਰਟਮ ਲਈ ਬਾਂਕੁਰਾ ਸੰਮਿਲਨੀ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿਤਾ ਗਿਆ ਅਤੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ। ਉਸ ਨੇ ਦਸਿਆ ਕਿ ਘਟਨਾ ਸਮੇਂ ਘਰ ’ਚ ਕੋਈ ਨਹੀਂ ਸੀ। ਪੁਲਿਸ ਨੇ ਮੌਤ ਦੇ ਕਾਰਨਾਂ ਬਾਰੇ ਟਿਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਾਂਚ ਜਾਰੀ ਹੈ। ਭਾਰਤ ਐਤਵਾਰ ਨੂੰ ਅਹਿਮਦਾਬਾਦ ’ਚ ਆਸਟ੍ਰੇਲੀਆ ਤੋਂ ਵਿਸ਼ਵ ਕੱਪ ਖਿਤਾਬੀ ਮੈਚ ਛੇ ਵਿਕਟਾਂ ਨਾਲ ਹਾਰ ਗਿਆ।