ਦੇਸ਼ ਵਿਚ ਕੋਰੋਨਾ ਵਾਇਰਸ ਦੇ ‘ਜੇਐਨ.1’ ਸਬ-ਵੇਰੀਐਂਟ ਦੇ 63 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 34 ਮਾਮਲੇ ਗੋਆ ਵਿਚ ਪਾਏ ਗਏ ਸਨ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਤੋਂ ਨੌਂ, ਕਰਨਾਟਕ ਤੋਂ ਅੱਠ, ਕੇਰਲ ਤੋਂ ਛੇ, ਤਾਮਿਲਨਾਡੂ ਤੋਂ ਚਾਰ ਅਤੇ ਤੇਲੰਗਾਨਾ ਤੋਂ ਦੋ ਮਾਮਲੇ ਸਾਹਮਣੇ ਆਏ ਹਨ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀਕੇ ਪਾਲ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਭਾਰਤ ਵਿਚ ਵਿਗਿਆਨਕ ਭਾਈਚਾਰਾ ਕੋਰੋਨਾ ਵਾਇਰਸ ਦੇ ਨਵੇਂ ਉਪ-ਰੂਪ ਦੀ ਨੇੜਿਓਂ ਜਾਂਚ ਕਰ ਰਿਹਾ ਹੈ ਅਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਅਤੇ ਅਪਣੇ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਧਿਕਾਰੀਆਂ ਨੇ ਕਿਹਾ ਸੀ ਕਿ ਭਾਵੇਂ ਕੇਸਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਦੇਸ਼ ਵਿਚ ‘ਜੇਐਨ.1’ ਉਪ-ਵਰਗ ਦਾ ਪਤਾ ਲਗਾਇਆ ਗਿਆ ਹੈ, ਇਸ ਲਈ ਤੁਰੰਤ ਚਿੰਤਾ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਸੰਕਰਮਤ ਲੋਕਾਂ ਵਿਚੋਂ 92 ਪ੍ਰਤੀਸ਼ਤ ਘਰ ਵਿਚ ਰਹਿ ਕੇ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਹਸਪਤਾਲ ਵਿਚ ਦਾਖਲ ਹੋਣ ਦੀ ਦਰ ਵਿਚ ਵੀ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਹੋਰ ਡਾਕਟਰੀ ਸਥਿਤੀਆਂ ਕਾਰਨ ਹਸਪਤਾਲ ਵਿਚ ਦਾਖਲ ਹੋਣ ਵਾਲਿਆਂ ਵਿਚ ਕੋਵਿਡ -19 ਦਾ ਪਤਾ ਲਗਾਉਣਾ ਇਕ ਇਤਫਾਕ ਦਾ ਮਾਮਲਾ ਹੈ। ਸੂਬਿਆਂ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਾਂਝੀ ਕੀਤੀ ਗਈ ਕੋਵਿਡ ਨਿਗਰਾਨੀ ਰਣਨੀਤੀ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਦੀ ਪ੍ਰਭਾਵੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 628 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 4,054 ਹੈ। ਸੋਮਵਾਰ ਸਵੇਰੇ 8 ਵਜੇ ਅਪਡੇਟ ਕੀਤੇ ਗਏ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਵਿਡ -19 ਕਾਰਨ ਮਰਨ ਵਾਲਿਆਂ ਦੀ ਗਿਣਤੀ 5,33,334 ਤਕ ਪਹੁੰਚ ਗਈ ਹੈ। ਕੇਰਲ ਵਿਚ ਪਿਛਲੇ 24 ਘੰਟਿਆਂ ਵਿਚ ਇਕ ਮੌਤ ਦਰਜ ਕੀਤੀ ਗਈ ਹੈ। ਕੋਰੋਨਾ ਵਾਇਰਸ ਦਾ JN.1 (BA.2.86.1.1) ਉਪ-ਰੂਪ ਅਗਸਤ ਵਿਚ ਲਕਸਮਬਰਗ ਵਿਚ ਸਾਹਮਣੇ ਆਇਆ ਸੀ।