ਉਲਫਾ ਨੇ ਕੇਂਦਰ ਅਤੇ ਅਸਾਮ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਹਸਤਾਖ਼ਰ ਕੀਤੇ

ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ (ਉਲਫਾ) ਦੇ ਗੱਲਬਾਤ ਪੱਖੀ ਧੜੇ ਨੇ ਸ਼ੁਕਰਵਾਰ ਨੂੰ ਕੇਂਦਰ ਅਤੇ ਅਸਾਮ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖਤ ਕੀਤੇ, ਜਿਸ ’ਚ ਹਿੰਸਾ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋਣ ’ਤੇ ਸਹਿਮਤੀ ਜਤਾਈ ਗਈ। ਅਧਿਕਾਰੀਆਂ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਮੌਜੂਦਗੀ ’ਚ ਸਮਝੌਤੇ ’ਤੇ ਦਸਤਖਤ ਕੀਤੇ ਗਏ। ਅਧਿਕਾਰੀਆਂ ਨੇ ਦਸਿਆ ਕਿ ਸਰਕਾਰ ਅਤੇ ਅਰਵਿੰਦਾ ਰਾਜਖੋਵਾ ਦੀ ਅਗਵਾਈ ਵਾਲੇ ਉਲਫਾ ਧੜੇ ਵਿਚਾਲੇ 12 ਸਾਲਾਂ ਦੀ ਬਿਨਾਂ ਸ਼ਰਤ ਗੱਲਬਾਤ ਤੋਂ ਬਾਅਦ ਸਮਝੌਤੇ ’ਤੇ ਦਸਤਖਤ ਕੀਤੇ ਗਏ। ਸ਼ਾਂਤੀ ਸਮਝੌਤੇ ਨਾਲ ਅਸਾਮ ’ਚ ਦਹਾਕਿਆਂ ਤੋਂ ਚੱਲ ਰਹੇ ਅਤਿਵਾਦ ਨੂੰ ਖਤਮ ਕਰਨ ਦੀ ਉਮੀਦ ਹੈ। ਹਾਲਾਂਕਿ, ਪਰੇਸ਼ ਬਰੂਆ ਦੀ ਅਗਵਾਈ ਵਾਲਾ ਕੱਟੜਪੰਥੀ ਉਲਫਾ ਧੜਾ ਇਸ ਸਮਝੌਤੇ ਦਾ ਹਿੱਸਾ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਬਰੂਆ ਚੀਨ-ਮਿਆਂਮਾਰ ਸਰਹੱਦ ਦੇ ਨੇੜੇ ਇਕ ਜਗ੍ਹਾ ’ਤੇ ਰਹਿੰਦਾ ਹੈ। ਉਲਫਾ ਦੀ ਸਥਾਪਨਾ 1979 ’ਚ ‘ਪ੍ਰਭੂਸੱਤਾ ਵਾਲੇ ਅਸਾਮ’ ਦੀ ਮੰਗ ਨਾਲ ਕੀਤੀ ਗਈ ਸੀ। ਉਦੋਂ ਤੋਂ ਇਹ ਵਿਨਾਸ਼ਕਾਰੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ, ਜਿਸ ਕਾਰਨ ਕੇਂਦਰ ਸਰਕਾਰ ਨੇ 1990 ਵਿਚ ਇਸ ਨੂੰ ਪਾਬੰਦੀਸ਼ੁਦਾ ਸੰਗਠਨ ਐਲਾਨ ਦਿਤਾ ਸੀ। ਰਾਜਖੋਵਾ ਧੜਾ ਅਪਣੀਆਂ ਗਤੀਵਿਧੀਆਂ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਸਮਝੌਤੇ ’ਤੇ ਹਸਤਾਖਰ ਹੋਣ ਤੋਂ ਬਾਅਦ 3 ਸਤੰਬਰ, 2011 ਨੂੰ ਸਰਕਾਰ ਨਾਲ ਸ਼ਾਂਤੀ ਵਾਰਤਾ ਵਿਚ ਸ਼ਾਮਲ ਹੋਇਆ ਸੀ।

Leave a Reply

Your email address will not be published. Required fields are marked *