ਸ੍ਰੀ ਦਰਬਾਰ ਸਾਹਿਬ ਤੋਂ ਪਰਤ ਰਹੇ 4 ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ

ਤਰਨਤਾਰਨ: ਸ੍ਰੀ ਦਰਬਾਰ ਸਾਹਿਬ ਤੋਂ ਪਰਤ ਰਹੇ 4 ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਅਧੀਨ ਆਉਂਦੇ ਹਰੀਕੇ ਵਿਖੇ ਇਕ ਕਾਰ ਪੁਲ ਉਤੇ ਖੜ੍ਹੇ ਟਰਾਲੇ ਵਿਚ ਜਾ ਟਕਰਾਈ। ਇਸ ਮਗਰੋਂ ਮੌਕੇ ’ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰ ਦਿਲਬਾਗ ਸਿੰਘ ਨੇ ਦਸਿਆ ਕਿ ਇਹ ਨੌਜਵਾਨ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਿੰਡ ਗੁਰੂ ਹਰਿ ਰਾਇ ਸਾਹਿਬ ਨੂੰ ਪਰਤ ਰਹੇ ਸਨ ਕਿ ਹਰੀਕੇ ਨੇੜੇ ਅੰਮ੍ਰਿਤਸਰ ਤੋਂ ਹਰੀਕੇ ਅੰਦਰ ਨਵੇਂ ਹਾਈਵੇਅ ’ਤੇ ਕਰੀਬ ਸਵਾ 12 ਵਜੇ ਇਹ ਹਾਦਸਾ ਵਾਪਰ ਗਿਆ। ਦਰਅਸਲ ਹਾਈਵੇਅ ਉੱਪਰ ਇਕ ਕੰਟੇਨਰ ਖਰਾਬ ਹੋਣ ਕਾਰਨ ਖੜ੍ਹਾ ਸੀ, ਜਿਸ ਦੇ ਪਿੱਛੇ ਇਕ ਟਰਾਲਾ ਖੜ੍ਹਾ ਕੀਤਾ ਗਿਆ ਸੀ। ਸੰਘਣੀ ਹੋਣ ਕਾਰਨ ਸਵਿਫਟ ਕਾਰ ਪੀਬੀ 05 ਏ ਈ 66 36 ਉਸ ਟਰਾਲੇ ਵਿਚ ਜਾ ਵੱਜੀ, ਜਿਸ ਨਾਲ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ 4 ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕਾਂ ਦੀ ਪਰਮਜੀਤ ਸਿੰਘ, ਗੁਰਦੇਵ ਸਿੰਘ, ਰੋਬਨਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਵਜੋਂ ਹੋਈ ਹੈ। ਦਿਲਬਾਗ ਸਿੰਘ ਨੇ ਦਸਿਆ ਕਿ ਕਾਰ ਦਾ ਡਰਾਈਵਰ ਬਲਵਿੰਦਰ ਸਿੰਘ ਹਾਦਸੇ ਵਿਚ ਜ਼ਖਮੀ ਹੋ ਗਿਆ ਹੈ। ਥਾਣਾ ਹਰੀਕੇ ਦੇ ਮੁਖੀ ਐਸ.ਐਚ.ਓ. ਕੇਵਲ ਸਿੰਘ ਨੇ ਦਸਿਆ ਕਿ ਪ੍ਰਵਾਰ ਦੇ ਬਿਆਨ ਕਲਮ ਬੰਦ ਕੀਤੇ ਜਾ ਰਹੇ ਹਨ। ਇਨ੍ਹਾਂ ਬਿਆਨਾਂ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।

Leave a Reply

Your email address will not be published. Required fields are marked *