ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 26 ਜਨਵਰੀ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੈਦਾਨ ਵਿਚ ਗਣਤੰਤਰ ਦਿਵਸ ‘ਤੇ ਝੰਡਾ ਲਹਿਰਾਇਆ।ਇਸ ਦੌਰਾਨ ਸੀਐੱਮ ਨੇ ਪਰੇਡ ਤੋਂ ਸਲਾਮੀ ਲਈ।ਇਸ ਦੌਰਾਨ ਸੀਐੱਮ ਨੇ ਕਿਹਾ ਕਿ ਰਿਪਬਲਿਕ ਡੇ ਪੰਜਾਬ ਕਾਰਨ ਆਇਆ। ਲੜਾਈਆਂ ਲੜੀਆਂ ਤੇ ਸ਼ਹਾਦਤਾਂ ਦਿੱਤੀਆਂ ਫਿਰ ਜਾ ਕੇ ਰਿਪਬਲਿਕ ਡੇ ਆਇਆ। ਇਸ ਲਈ ਅਸੀਂ ਰਿਪਬਲਿਕ ਡੇ ਖਾਸ ਤੌਰ ‘ਤੇ ਮਨਾਉਂਦੇ ਹਾਂ। ਭਾਵੇਂ ਕੂਕਾ ਲਹਿਰ ਹੋਵੇ, ਪਗੜੀ ਸੰਭਾਲ ਜੱਟਾ, ਕਾਮਾਗਾਟਾ ਮਾਰੂ ਹੋਵੇ, ਇਹ ਸਾਰੀਆਂ ਲਹਿਰਾਂ ਪੰਜਾਬ ਤੋਂ ਚੱਲੀਆਂ। ਇਸ ਲਈ ਇਹ ਪੰਜਾਬ ਲਈ ਖਾਸ ਹੈ ਪਰ ਦੁੱਖ ਦੀ ਗੱਲ ਹੈ ਕਿ 25 ਜਨਵਰੀ, 15 ਅਗਸਤ ਨੂੰ ਪੰਜਾਬ ਦੀਆਂ ਝਾਕੀਆਂ ਕੱਢ ਦਿੱਤੀਆਂ ਜਾਂਦੀਆਂ ਹਨ। ਪੰਜਾਬ ਨੂੰ ਕੱਢ ਕੇ ਕਿਵੇਂ ਆਜ਼ਾਦੀ ਦਿਵਸ ਮਨਾ ਲਓਗੇ। ਸਾਡੇ ਸ਼ਹੀਦਾਂ ਦੀ ਇੱਜ਼ਤ ਘੱਟ ਨਹੀਂ ਹੋਣੀ ਚਾਹੀਦੀ। ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ ਖੰਨਾ ਕੋਲ ਸ਼ਹੀਦ ਦੇ ਘਰ 1 ਕਰੋੜ ਦਾ ਚੈੱਕ ਲੈ ਕੇ ਗਿਆ। ਇਸ ਤੋਂ ਪਹਿਲਾਂ ਮੌੜ ਮੰਡੀ ਗਿਆ। ਉਥੇ ਕੋਈ ਸਲਾਮੀ ਨਹੀਂ ਦਿੱਤੀ। ਕਹਿ ਰਹੇ ਸਨਕਿ ਅਗਨੀਵੀਰ ਨੂੰ ਆਰਮੀ ਵਾਲੇ ਸਲਾਮੀ ਨਹੀਂ ਦਿੰਦੇ ਜਿਸ ਲਈ ਕੇਂਦਰ ਨੂੰ ਲਿਖਿਆ, ਸੰਸਦ ਵਿਚ ਮੁੱਦਾ ਚੁੱਕਿਆ। ਇਸ ਦੇ ਬਾਅਦ ਖੰਨਾ ਦੇ ਸ਼ਹੀਦ ਨੂੰ ਸਨਮਾਨ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਛਾਤੀ ‘ਤੇ ਗੋਲੀਆਂ ਖਾਣ ਵਾਲੇ ਨੂੰ ਇਹ 11 ਗੋਲੀਆਂ ਦੀ ਸਲਾਮੀ ਨਹੀਂ ਦੇ ਸਕਦੇ। ਪੰਜਾਬ ਸਰਕਾਰ ਦੀਆਂ ਉਪਲਬਧੀਆਂ ਬਾਰੇ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਗਏ। 97 ਲੱਖ ਲੋਕ ਮੁਹੱਲਾ ਕਲੀਨਿਕ ਤੋਂ ਦਵਾਈ ਲੈ ਕੇ ਘਰ ਜਾ ਚੁੱਕੇ ਹਨ। ਸਕੂਲ ਬਣਾ ਰਹੇ ਹਾਂ, ਸਕੂਲ ਆਫ ਐਮੀਨੈਂਸ ਖੁੱਲ੍ਹ ਰਹੇ ਹਨ। ਅਸੀਂ ਭ੍ਰਿਸ਼ਟਾਚਾਰ ਖਿਲਾਫ ਫੋਨ ਨੰਬਰ ਜਾਰੀ ਕੀਤੇ ਹਨ। ਮੈਂ ਨਹੀਂ ਕਹਿੰਦਾ ਇਹ ਖਤਮ ਹੋ ਗਿਆ ਪਰ ਘੱਟ ਹੋਇਆ ਹੈ। ਸਾਡਾ ਸੂਬਾ ਨੰਬਰ 1 ਸੀ, ਉਹੀ ਬਣੇਗਾ ਕਿਉਂਕਿ ਈਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਮੈਨੂੰ ਅਗਲੀਆਂ ਚੋਣਾਂ ਦੀ ਫਿਕਰ ਨਹੀਂ, ਅਗਲੀ ਜਨਰੇਸ਼ਨ ਦੀ ਚਿੰਤਾ ਹੈ। ਮੈਂ ਚਾਹੁੰਦਾ ਹਾਂ ਕਿ ਇਹ ਜੌਬ ਸੀਕਰ ਨਾ ਬਣੇ, ਇਹ ਜੌਬ ਦੇਣ ਵਾਲੇ ਬਣੇ।