ਅੱਜ ਗਣਤੰਤਰ ਦਿਵਸ ਮੌਕੇ 110 ਸ਼ਖਸੀਅਤਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਿਚ ਪੰਜਾਬ ਦੇ 2 ਤੇ ਹਰਿਆਣਾ ਦੇ 4 ਲੋਕ ਸ਼ਾਮਲ ਹਨ। ਪੰਜਾਬ ਦੀ ਨਿਰਮਲ ਰਿਸ਼ੀ ਤੇ ਪ੍ਰਾਣ ਸੱਭਰਵਾਲ ਨੂੰ ਕਲਾ ਦੇ ਖੇਤਰ ਵਿਚ ਦਿੱਤੇ ਯੋਗਦਾਨ ਲਈ ਪਦਮਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਨਿਰਮਲ ਰਿਸ਼ੀ ਪੰਜਾਬੀ ਫਿਲਮ ਤੇ ਟੈਲੀਵਿਜ਼ਨ ਅਭਿਨੇਤਰੀ ਹਨ। ਉਨ੍ਹਾਂ ਦੀ ਪਹਿਲੀ ਫਿਲਮ ‘ਲੌਂਗ ਦਾ ਲਿਸ਼ਕਾਰਾ’ ਵਿਚ ਗੁਲਾਬੋ ਮਾਸੀ ਦੀ ਭੂਮਿਕਾ ਲਈ ਉਨ੍ਹਾਂ ਨੂੰ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਪੰਜਾਬੀ ਸਿੰਗਰ ਤੇ ਅਭਿਨੇਤ ਗਿੱਪੀ ਗਰੇਵਾਲ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਵਧਾਈ ਦਿੱਤੀ। ਨਿਰਮਲ ਰਿਸ਼ੀ ਦਾ ਜਨਮ 1943 ਵਿਚ ਮਾਨਸਾ ਜ਼ਿਲ੍ਹੇ ਦੇ ਖਿਵਾ ਕਲਾਂ ਪਿੰਡ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ ਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ। ਸਕੂਲ ਦੇ ਦਿਨਾਂ ਤੋਂ ਹੀ ਉਨ੍ਹਾਂ ਨੂੰ ਥੀਏਟਰ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੇ 60 ਤੋਂ ਵੱਧ ਫਿਲਮਾਂ ਵਿਚ ਅਭਿਨੈ ਕੀਤਾ। ‘ਨਿੱਕਾ ਜ਼ੈਲਦਾਰ’ ਤੇ ‘ਦਿ ਗ੍ਰੇਟ ਸਰਦਾਰ’ ਵਰਗੀਆਂ ਫਿਲਮਾਂ ਨਾਲ ਉਹ ਖੂਬ ਚਰਚਾ ਵਿਚ ਆਈ। ਦੂਜੇ ਪਾਸੇ ਪ੍ਰਾਣ ਸੱਭਰਵਾਲ ਪੰਜਾਬ ਦੇ ਇਕ ਅਨੁਭਵੀ ਅਭਿਨੇਤਾ ਤੇ ਪ੍ਰਸਿੱਧ ਥੀਏਟਰ ਕਲਾਕਾਰ ਹਨ। ਉਨ੍ਹਾਂ ਦਾ ਜਨਮ ਸਾਲ 1930 ਵਿਚ ਜਲੰਧਰ ਵਿਚ ਹੋਇਆ ਸੀ। 9 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨੂੰ ਅਭਿਨੈ ਵਿਚ ਦਿਲਚਸਪੀ ਹੋ ਗਈ। ਉਹ ਆਪਣੇ ਚਾਚਾ ਤੇ ਪਿਤਾ ਜੀ ਨਾਲ ਜਲੰਧਰ ਵਿਚ ਰਾਮਲੀਲਾ ਦੇਖਣ ਜਾਂਦੇ ਸਨ ਤੇ ਤੁਰੰਤ ਹੀ ਉਨ੍ਹਾਂ ਨੂੰ ਥੀਏਟਰ ਵਿਚ ਰਾਮ ਦੇ ਅਭਿਨੈ ਦੀ ਕਲਾ ਨਾਲ ਪਿਆਰ ਹੋ ਗਿਆ। ਪ੍ਰਾਣ ਸੱਭਰਵਾਲ ਨੇ ਫਿਲਮ ਇੰਡਸਟਰੀ ਵਿਚ ਆਪਣਾ ਡੈਬਿਊ ਸਰਦਾਰਾ ਕਰਤਾਰਾ ਨਾਂ ਦੀ ਫਿਲਮ ਤੋਂ ਕੀਤਾ ਸੀ ਜੋ 1980 ਵਿਚ ਰਿਲੀਜ਼ ਹੋਈ ਸੀ। ਸਤੰਬਰ 2022 ਵਿਚ ਪ੍ਰਾਣ ਸੱਭਰਵਾਲ ਨੂੰ ਰਾਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਨੇ ਕਾਲਿਦਾਸ ਆਡੀਟੋਰੀਅਮ NZCC ਵਿਖੇ ਗੁਰੂ ਟੌਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਨਿਰਮਲ ਰਿਸ਼ੀ ਤੇ ਪ੍ਰਾਣ ਸੱਭਰਵਾਲ ਦੋਵਾਂ ਨੇ ਇਸ ਲਈ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਇਸ ਕਾਬਲ ਸਮਝਿਆ ਇਸ ਲਈ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ। ਉੁਨ੍ਹਾਂ ਦੀ ਪੂਰੀ ਜ਼ਿੰਦਗੀ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਨੂੰ ਮਾਣ ਹੈ ਕਿ ਉਹ ਆਪਣੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ।