ਚੰਡੀਗੜ੍ਹ ‘ਚ 19 ਜਨਵਰੀ ਤੋਂ ਘਰੋਂ ਲਾਪਤਾ ਹੋਈ ਅੱਠ ਸਾਲਾ ਬੱਚੀ ਦੀ ਲਾਸ਼ 22 ਜਨਵਰੀ ਨੂੰ ਬਰਾਮਦ ਹੋਈ ਸੀ। ਬਾਲੜੀ ਦੇ ਗਲੇ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਬੱਚੀ ਨਾਲ ਜਬਰ ਜ਼ਿਨਾਹ ਹੋਇਆ ਸੀ। ਇਸ ਮਾਮਲੇ ‘ਚ ਹੁਣ ਚੰਡੀਗੜ੍ਹ ਪੁਲਿਸ ਨੇ ਬਿਹਾਰ ਤੋਂ 39 ਸਾਲਾਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ‘ਚ ਸੈਕਟਰ-31 ਥਾਣੇ ਦੀ ਪੁਲਿਸ ਨੇ ਬਿਹਾਰ ਵਾਸੀ ਹੀਰਾਲਾਲ ਖ਼ਿਲਾਫ਼ ਪੋਕਸੋ ਐਕਟ ਅਤੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੋਇਆ ਸੀ। ਕਾਤਲ ਨੂੰ ਫੜਨ ਲਈ ਪੁਲਿਸ ਟੀਮ ਬਿਹਾਰ ਗਈ ਹੋਈ ਹੈ। 19 ਜਨਵਰੀ ਨੂੰ ਤੀਸਰੀ ਜਮਾਤ ‘ਚ ਪੜ੍ਹਦੀ ਅੱਠ ਸਾਲ ਦੀ ਬੱਚੀ ਆਪਣੇ ਘਰ ਦੇ ਨੇੜੇ ਇਕ ਦੁਕਾਨ ‘ਤੇ ਗਈ ਸੀ। ਉਸਦੀ ਮਾਂ ਨੇ ਉਸ ਨੂੰ ਸਿਲਾਈ ਮਸ਼ੀਨ ਦਾ ਸਮਾਨ ਲਿਆਉਣ ਲਈ ਭੇਜਿਆ ਸੀ। ਪਰ ਲੜਕੀ ਘਰ ਵਾਪਸ ਨਹੀਂ ਆਈ। ਘਟਨਾ ਸਬੰਧੀ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਗਈ। ਸੀ.ਸੀ.ਟੀ.ਵੀ. ‘ਚ ਬੱਚੀ ਨਜ਼ਰ ਨਹੀਂ ਆਈ। ਇਸ ‘ਤੇ ਇਮਾਰਤ ਦੇ ਹੋਰ ਕਮਰਿਆਂ ਦੀ ਵੀ ਤਲਾਸ਼ੀ ਲਈ ਗਈ। ਇਕ ਕਮਰੇ ਨੂੰ ਤਾਲਾ ਲੱਗਾ ਹੋਇਆ ਸੀ। ਜਦੋਂ ਤਾਲਾ ਤੋੜ ਕੇ ਜਾਂਚ ਕੀਤੀ ਗਈ ਤਾਂ ਗੱਦੇ ‘ਤੇ ਖੂਨ ਦੇ ਧੱਬੇ ਮਿਲੇ। ਇਸ ਤੋਂ ਬਾਅਦ ਸੀ.ਐਫ.ਐਸ.ਐਲ. ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਅਤੇ ਸੈਂਪਲ ਲਏ ਗਏ। ਉਸ ਕਮਰੇ ਵਿੱਚੋਂ ਇੱਕ ਚਾਕੂ ਵੀ ਮਿਲਿਆ ਸੀ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਸੀ। ਪੁਲਿਸ ਚਾਰ ਦਿਨ ਤੱਕ ਰੇਲਵੇ ਸਟੇਸ਼ਨ, ਰੇਲਵੇ ਟ੍ਰੈਕ, ਬੱਸ ਸਟੈਂਡ ਅਤੇ ਸ਼ਹਿਰ ਦੇ ਸਾਰੇ ਜੰਗਲਾਂ ਵਿੱਚ ਲੜਕੀ ਦੀ ਭਾਲ ਕਰਦੀ ਰਹੀ ਪਰ ਕੋਈ ਸੁਰਾਗ ਨਹੀਂ ਮਿਲਿਆ। ਇਸੇ ਮਾਮਲੇ ‘ਚ 22 ਜਨਵਰੀ ਨੂੰ ਜਾਕੇ ਰਾਤ ਵੇਲੇ ਪੁਲਿਸ ਨੂੰ ਰਾਮ ਦਰਬਾਰ ਨੇੜੇ ਝਾੜੀਆਂ ਤੋਂ ਬੱਚੀ ਦੀ ਲਾਸ਼ ਹਾਸਿਲ ਹੋਈ ਸੀ।