ਸਾਲ 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਵਾਪਰੇ ਗੋਲੀਕਾਂਡ ਮਾਮਲਿਆਂ ਦੀ ਫਰੀਦਕੋਟ ਅਦਾਲਤ ਵਿਚ ਅੱਜ ਸੁਣਵਾਈ ਹੋਈ। ਸੁਣਵਾਈ ਦੌਰਾਨ ਇਨ੍ਹਾਂ ਮਾਮਲਿਆਂ ਵਿਚ ਨਾਮਜ਼ਦ ਮੋਗਾ ਦੇ ਤਤਕਾਲੀ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨਿੱਜੀ ਤੌਰ ’ਤੇ ਮਾਣਯੋਗ ਅਦਾਲਤ ਵਿਚ ਪੇਸ਼ ਹੋਏ ਜਦਕਿ ਬਾਕੀ ਸਾਰੇ ਨਾਮਜ਼ਦ ਵੀਡੀਉ ਕਾਨਫ਼ਰੰਸ ਰਾਹੀਂ ਹਾਜ਼ਰ ਰਹੇ। ਇਸ ਦੌਰਾਨ ਜਿਥੇ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਐਫਆਈਆਰ ਨੰਬਰ 129 ਵਿਚ ਦੋਸ਼ ਤੈਅ ਕਰਨ ਨੂੰ ਲੈ ਕੇ ਦੋਹਾਂ ਧਿਰਾਂ ਵਿਚਕਾਰ ਬਹਿਸ ਹੋਈ, ਉਥੇ ਹੀ ਮਾਣਯੋਗ ਅਦਾਲਤ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 5 ਅਤੇ 13 ਫਰਵਰੀ 2024 ਨੂੰ ਰੱਖੀ ਗਈ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿੱਖ ਜਥੇਬੰਦੀਆ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦਸਿਆ ਕਿ ਅੱਜ ਮਾਣਯੋਗ ਅਦਾਲਤ ਵਿਚ ਕੋਟਕਪੂਰਾ ਗੋਲੀਕਾਡ ਨਾਲ ਸਬੰਧਤ ਮੁਕੱਦਮਾ ਨੰਬਰ 129 ਵਿਚ ਦੋਸ਼ ਤੈਅ ਕਰਨ ਨੂੰ ਲੈ ਕੇ ਬਹਿਸ ਹੋਈ ਹੈ ਅਤੇ ਅੱਗੇ ਦੀ ਸੁਣਵਾਈ ਲਈ ਅਦਾਲਤ ਵਲੋਂ 5 ਅਤੇ 13 ਫਰਵਰੀ 2024 ਤੈਅ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਚਰਨਜੀਤ ਸ਼ਰਮਾ ਨਿੱਜੀ ਤੌਰ ’ਤੇ ਜਦਕਿ ਬਾਕੀ ਮੁਲਜ਼ਮ ਵੀਡੀਉ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ ਹੋਏ। ਇਸ ਮੌਕੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਡ ਮਾਮਲਿਆਂ ਦੀ ਜਾਂਚ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਸਾਬਕਾ ਆਈਜੀ ਅਤੇ ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਅਦਾਲਤ ਵਿਚ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਸਵਾਲ ਕੀਤਾ ਕਿ ਜਾਂ ਤਾਂ ਕਹਿ ਦਿਉ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਾ ਤਾਂ ਬੇਅਦਬੀ ਹੋਈ ਅਤੇ ਨਾ ਹੀ ਕੋਈ ਗੋਲੀਕਾਂਡ ਵਾਪਰਿਆ ਜਾਂ ਫਿਰ ਇਨ੍ਹਾਂ ਮਾਮਲਿਆਂ ’ਤੇ ਸਿਆਸਤ ਛੱਡ ਕੇ ਇਨਸਾਫ ਦਿਵਾਉਣ ਦੀ ਗੱਲ ਕਰੋ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਇਨਸਾਫ਼ ਲਈ ਉਹ ਅਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।