ਹਰਿਆਣਾ ਦੇ ਸੋਨੀਪਤ ‘ਚ ਇਕ ਪੁੱਤ ਅਪਣੀ ਬਜ਼ੁਰਗ ਮਾਂ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰ ਸਕਿਆ। ਪਰਵਾਰ ਬਜ਼ੁਰਗ ਔਰਤ ਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਸੀ, ਇਸੇ ਦੌਰਾਨ ਹਰਿਆਣਾ ਰੋਡਵੇਜ਼ ‘ਚ ਕੰਮ ਕਰਦੇ ਉਸ ਦੇ ਬੇਟੇ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਪਰਵਾਰ ਨੇ ਦੋਹਾਂ ਦਾ ਇਕੋ ਚਿਖਾ ਉਤੇ ਅੰਤਿਮ ਸਸਕਾਰ ਕੀਤਾ। ਦੋ ਮੌਤਾਂ ਕਾਰਨ ਪਰਵਾਰ ਸਦਮੇ ਵਿਚ ਹੈ। ਸੋਨੀਪਤ ਸ਼ਹਿਰ ਦੇ ਜਟਵਾੜਾ ਦੀ ਰਹਿਣ ਵਾਲੀ 84 ਸਾਲਾ ਔਰਤ ਸਾਵਿੱਤਰੀ ਦੇਵੀ ਦੀ ਐਤਵਾਰ ਦੁਪਹਿਰ ਕਰੀਬ 3.30 ਵਜੇ ਮੌਤ ਹੋ ਗਈ। ਇਸ ਦੀ ਸੂਚਨਾ ਹੋਰ ਥਾਵਾਂ ’ਤੇ ਰਹਿੰਦੇ ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਦਿਤੀ ਗਈ। ਜਦੋਂ ਸ਼ਾਮ ਤਕ ਸਾਰੇ ਰਿਸ਼ਤੇਦਾਰ ਨਾ ਪਹੁੰਚ ਸਕੇ ਤਾਂ ਪਰਵਾਰ ਨੇ ਫੈਸਲਾ ਕੀਤਾ ਕਿ ਸਾਵਿੱਤਰੀ ਦੇਵੀ ਦਾ ਅੰਤਿਮ ਸਸਕਾਰ ਸੋਮਵਾਰ ਸਵੇਰੇ ਕੀਤਾ ਜਾਵੇਗਾ, ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਸੋਮਵਾਰ ਸਵੇਰੇ ਸਾਵਿੱਤਰੀ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸੇ ਦੌਰਾਨ ਸਵੇਰੇ 10 ਵਜੇ ਦੇ ਕਰੀਬ ਉਸ ਦੇ ਪੁੱਤਰ ਪ੍ਰਮੋਦ ਕੁਮਾਰ (51) ਨੂੰ ਛਾਤੀ ਵਿਚ ਦਰਦ ਮਹਿਸੂਸ ਹੋਇਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਪ੍ਰਮੋਦ ਨੂੰ ਵੀ ਮ੍ਰਿਤਕ ਐਲਾਨ ਦਿਤਾ।ਪ੍ਰਮੋਦ ਕੁਮਾਰ ਹਰਿਆਣਾ ਰੋਡਵੇਜ਼ ਸੋਨੀਪਤ ਵਿਚ ਮਕੈਨਿਕ ਸੀ। ਹਾਲਾਂਕਿ ਪ੍ਰਮੋਦ ਕੁਮਾਰ ਦਾ ਇਕ ਪੁੱਤਰ ਰਾਹੁਲ, ਇਕ ਨੂੰਹ ਅਤੇ ਇਕ ਧੀ ਹੈ, ਪਰ ਉਸ ਦਾ ਅਪਣੀ ਮਾਂ ਨਾਲ ਬਹੁਤ ਪਿਆਰ ਸੀ। ਇਸ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਸੋਨੀਪਤ ਦੇ ਰਿਸ਼ੀ ਕਾਲੋਨੀ ਸਥਿਤ ਸ਼ਮਸ਼ਾਨਘਾਟ ‘ਚ ਮਾਂ-ਪੁੱਤ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਪੁੱਜੇ। ਪ੍ਰਮੋਦ ਕੁਮਾਰ ਦੀ ਪਤਨੀ ਮੋਨਿਕਾ ਦੀ ਸਾਲ 2015 ਵਿਚ ਮੌਤ ਹੋ ਗਈ ਸੀ। ਮਾਂ ਦੀ ਦੇਖਭਾਲ ਅਤੇ ਬੱਚਿਆਂ ਨੂੰ ਪਾਲਣ ਲਈ ਪਰਵਾਰ ਨੇ 2016 ‘ਚ ਪ੍ਰਮੋਦ ਦਾ ਦੂਜਾ ਵਿਆਹ ਕਰਵਾਇਆ। ਉਸ ਦੀ ਦੂਜੀ ਪਤਨੀ ਪਾਰੁਲ ਨੇ ਬਾਅਦ ਵਿਚ ਉਸ ਨੂੰ ਛੱਡ ਦਿਤਾ।