ਕਿਸਾਨ ਦਾ ਇਕਲੌਤੇ ਪੁੱਤਰ ਨੂੰ ਨਸ਼ਿਆਂ ਦੇ ਦੈਂਤ ਨੇ ਨਿਗਲਿਆ, ਸਤਲੁਜ ਦਰਿਆ ਕਿਨਾਰੇ ਮਿਲੀ ਸੀ ਲਾਸ਼

ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਦੋ ਦਿਨ ਪਹਿਲਾਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਦੀ ਪੁਲਿਸ ਨੂੰ ਪਹਿਚਾਣ ਨਾ ਹੋ ਸਕੀ ਪਰ ਅੱਜ ਜਦੋਂ ਉਸਦੀ ਤਸਵੀਰ ਅਖ਼ਬਾਰਾਂ ’ਚ ਲੱਗੀ ਤਾਂ ਇਹ ਨੌਜਵਾਨ ਮਾਛੀਵਾੜਾ ਨੇੜਲੇ ਪਿੰਡ ਰਤੀਪੁਰ ਦਾ ਨਿਵਾਸੀ ਜਸ਼ਨਪ੍ਰੀਤ ਸਿੰਘ (28) ਨਿਕਲਿਆ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪਿੰਡ ਰਤੀਪੁਰ ਦੇ ਕਿਸਾਨ ਰਣਜੋਧ ਸਿੰਘ ਦਾ ਇਕਲੌਤਾ ਪੁੱਤਰ ਜਸ਼ਨਪ੍ਰੀਤ ਸਿੰਘ ਗਲਤ ਸੰਗਤ ’ਚ ਪੈਣ ਕਾਰਨ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਇਹ ਨੌਜਵਾਨ ਨਸ਼ੇ ਛੱਡਣਾ ਚਾਹੁੰਦਾ ਸੀ ਜਿਸ ਦਾ ਨਸ਼ਾ ਛੁਡਾਓ ਕੇਂਦਰ ’ਚ ਇਲਾਜ ਵੀ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਹ ਨਸ਼ਾ ਛੁਡਾਓ ਕੇਂਦਰ ਤੋਂ ਵਾਪਸ ਪਰਤਿਆ ਸੀ ਤੇ ਹੁਣ ਉਹ ਘਰੋਂ ਮਾਪਿਆਂ ਨੂੰ ਕਹਿ ਕੇ ਗਿਆ ਕਿ ਉਹ ਨਸ਼ੇ ਛੱਡਣਾ ਚਾਹੁੰਦਾ ਹੈ ਤੇ ਮੁੜ ਨਸ਼ਾ ਛੁਡਾਓ ਕੇਂਦਰ ’ਚ ਇਲਾਜ ਕਰਵਾਉਣ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਘਰੋਂ ਉਹ ਆਪਣੇ ਬੈਗ ’ਚ ਕੱਪੜੇ ਪਾ ਤੇ ਮੋਬਾਇਲ ਲੈ ਕੇ ਰਾੜਾ ਸਾਹਿਬ ਨੇੜੇ ਨਸ਼ਾ ਛੁਡਾਓ ਕੇਂਦਰ ’ਚ ਜਾਣ ਲਈ ਕਹਿ ਕੇ ਚਲਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਤਾਂ ਉਨ੍ਹਾਂ ਦਾ ਪੁੱਤਰ ਨਸ਼ਾ ਛੁਡਾਓ ਕੇਂਦਰ ’ਚ ਆਪਣਾ ਇਲਾਜ ਕਰਵਾ ਰਿਹਾ ਹੈ ਪਰ ਦੋ ਦਿਨ ਪਹਿਲਾਂ ਉਸਦੀ ਲਾਸ਼ ਲਵਾਰਿਸ ਹਾਲਤ ’ਚ ਸਤਲੁਜ ਦਰਿਆ ਕਿਨਾਰਿਓਂ ਮਿਲੀ। ਅੱਜ ਜਦੋਂ ਮਾਪਿਆਂ ਨੇ ਆਪਣੇ ਨੌਜਵਾਨ ਪੁੱਤਰ ਦੀ ਤਸਵੀਰ ਅਖ਼ਬਾਰ ’ਚ ਦੇਖੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਹੀ ਖਿਸਕ ਗਈ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਇਸ ਜਹਾਨ ਤੋਂ ਜਾ ਚੁੱਕਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੰਕਾ ਹੈ ਕਿ ਉਨ੍ਹਾਂ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਨੂੰ ਉਸ ਨਾਲ ਨਸ਼ਾ ਕਰਨ ਵਾਲੇ ਸਾਥੀਆਂ ਨੇ ਨਸ਼ਾ ਦੇ ਕੇ ਮਾਰ ਦਿੱਤਾ ਤੇ ਫਿਰ ਲਾਸ਼ ਨੂੰ ਸਤਲੁਜ ਦਰਿਆ ਕਿਨਾਰੇ ਸੁੱਟ ਦਿੱਤਾ। ਮ੍ਰਿਤਕ ਕੋਲ ਜੋ ਉਸਦੇ ਕੱਪੜਿਆਂ ਵਾਲਾ ਬੈਗ, ਮੋਬਾਇਲ ਤੇ ਹੋਰ ਦਸਤਾਵੇਜ਼ ਸਨ, ਉਹ ਵੀ ਨਹੀਂ ਮਿਲੇ ਤਾਂ ਜੋ ਉਸਦੀ ਪਹਿਚਾਣ ਨਾ ਹੋ ਸਕੇ। ਫਿਲਹਾਲ ਪੁਲਿਸ ਵਲੋਂ ਮਾਪਿਆਂ ਦੇ ਬਿਆਨ ਦਰਜ ਕਰ ਧਾਰਾ-174 ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ ਤੇ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ ਜਿਸ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਸ਼ਨਪ੍ਰੀਤ ਸਿੰਘ ਨਸ਼ਿਆਂ ਨੂੰ ਛੱਡ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦਾ ਸੀ। ਪਰਿਵਾਰ ਵਲੋਂ ਉਸਨੂੰ ਵਿਦੇਸ਼ ਭੇਜਣ ਦੀ ਕਿਸੇ ਏਜੰਟ ਕੋਲ ਫਾਈਲ ਵੀ ਲਗਾਈ ਹੋਈ ਸੀ ਪਰ ਹੋਣੀ ਅਜਿਹੀ ਵਾਪਰੀ ਕਿ ਨਾ ਤਾਂ ਜਸ਼ਨਪ੍ਰੀਤ ਸਿੰਘ ਨਸ਼ੇ ਦੀ ਦਲਦਲ ’ਚੋਂ ਨਿਕਲ ਸਕਿਆ ਤੇ ਨਾ ਹੀ ਵਿਦੇਸ਼ ਜਾ ਸਕਿਆ। ਮ੍ਰਿਤਕ ਜਸ਼ਨਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਜਿਸ ਦਾ ਕੋਈ ਵੀ ਭੈਣ ਜਾਂ ਭਰਾ ਨਹੀਂ ਜਿਸ ਕਾਰਨ ਪਰਿਵਾਰ ਉੱਪਰ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਉੱਥੇ ਇਲਾਕੇ ’ਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Leave a Reply

Your email address will not be published. Required fields are marked *