ਨਵੇਂ ਵਿੱਦਿਅਕ ਸੈਸ਼ਨ ਤੋਂ ਹੁਣ 3 ਸਾਲ ਦਾ ਬੱਚਾ ਵੀ ਸਰਕਾਰੀ ਸਕੂਲਾਂ ਵਿਚ ਦਾਖਲਾ ਲੈ ਸਕੇਗਾ। ਪਹਿਲੀ ਵਾਰ ਸਰਕਾਰੀ ਸਕੂਲਾਂ ਵਿੱਚ ਵੀ 2024 ਦੇ ਨਵੇਂ ਸੈਸ਼ਨ ਤੋਂ ਨਰਸਰੀ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਵਿੱਚ ਸਿਰਫ਼ ਪ੍ਰੀ-ਪ੍ਰਾਇਮਰੀ 1 ਅਤੇ ਪ੍ਰੀ-ਪ੍ਰਾਇਮਰੀ 2 ਜਮਾਤਾਂ ਹੀ ਚੱਲਦੀਆਂ ਸਨ। ਹੁਣ ਨਰਸਰੀ, ਐਲ.ਕੇ.ਜੀ ਅਤੇ ਯੂ.ਕੇ.ਜੀ. ਦੀਆਂ ਕਲਾਸਾਂ ਵੀ ਹੋਣਗੀਆਂ। ਮਾਪਿਆਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਬੱਚੇ ਦਾ ਦਾਖ਼ਲਾ ਅਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਜਲਦਬਾਜ਼ੀ ਨਹੀਂ ਕਰਨੀ ਪਵੇਗੀ। ਦਾਖਲੇ ਅਤੇ ਰਜਿਸਟ੍ਰੇਸ਼ਨ ਲਈ, ਤੁਹਾਨੂੰ ਘਰ ਬੈਠੇ ਈ-ਪੰਜਾਬ ਪੋਰਟਲ ‘ਤੇ ਆਨਲਾਈਨ ਦਾਖਲਾ ਲਿੰਕ ਨਾਲ ਜੁੜਨਾ ਹੋਵੇਗਾ। ਪੰਜਾਬ ਵਿਚ ਸਿੱਖਿਆ ਵਿਭਾਗ ਵਲੋਂ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਦਾਖਲਿਆਂ ਲਈ 9 ਫਰਵਰੀ ਤੋਂ ਵਿਰਾਸਤ-ਏ-ਖਾਲਸਾ ਆਡੀਟੋਰੀਅਮ ਸ੍ਰੀ ਅਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਵਾਰ ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ ਵਿੱਚ 10 ਫ਼ੀਸਦੀ, ਪ੍ਰਾਇਮਰੀ ਤੋਂ ਪੰਜਵੀਂ ਤੱਕ 5 ਫ਼ੀਸਦੀ ਅਤੇ ਸੈਕੰਡਰੀ ਵਿੱਚ ਛੇਵੀਂ ਤੋਂ 12ਵੀਂ ਤੱਕ 5 ਫ਼ੀਸਦੀ ਦਾਖ਼ਲੇ ਵਧਾਉਣ ਦਾ ਟੀਚਾ ਰੱਖਿਆ ਹੈ। ਇਸ ਦੇ ਲਈ ਸੂਬਾ, ਜ਼ਿਲ੍ਹਾ, ਬਲਾਕ, ਕੇਂਦਰ ਅਤੇ ਸਕੂਲ ਪੱਧਰ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ। ਹਰ ਰੋਜ਼ ਦਾਖਲੇ ਦੀ ਸਮੀਖਿਆ ਹੋਵੇਗੀ। ਹੁਣ ਵਿਦਿਆਰਥੀ ਘਰ ਬੈਠੇ ਹੀ ਕਿਸੇ ਵੀ ਜਮਾਤ ਵਿਚ ਦਾਖ਼ਲਾ ਅਤੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਵਿਦਿਆਰਥੀ Epunjab ਪੋਰਟਲ ‘ਤੇ ਆਨਲਾਈਨ ਦਾਖਲਾ ਲਿੰਕ ਰਾਹੀਂ ਦਾਖਲਾ ਅਤੇ ਰਜਿਸਟ੍ਰੇਸ਼ਨ ਫਾਰਮ ਭਰ ਸਕਦੇ ਹਨ। ਦਾਖਲਾ ਪ੍ਰਕਿਰਿਆ ਨਿਯਮਾਂ, ਯੋਗਾ ਅਤੇ ਦਸਤਾਵੇਜ਼ਾਂ ਅਨੁਸਾਰ ਪੂਰੀ ਕੀਤੀ ਜਾਵੇਗੀ। ਟੋਲ ਫਰੀ ਨੰਬਰ 18001802139 ਵੀ ਜਾਰੀ ਕੀਤਾ ਗਿਆ ਹੈ। ਵੈਨ, 4 ਪਹੀਆ ਵਾਹਨ, ਸਾਊਂਡ ਸਿਸਟਮ, ਫਲੈਕਸ, ਇਸ਼ਤਿਹਾਰ, ਰਿਫਰੈਸ਼ਮੈਂਟ ਲਈ ਦੋ ਦਿਨਾਂ ਲਈ 22 ਹਜ਼ਾਰ ਰੁਪਏ ਪ੍ਰਤੀ ਜ਼ਿਲ੍ਹਾ ਬਜਟ ਅਲਾਟ ਕੀਤਾ ਜਾਵੇਗਾ। ਤਿੰਨ ਦਿਨਾਂ ਲਈ 28 ਹਜ਼ਾਰ ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਦਾਖ਼ਲਿਆਂ ਸਬੰਧੀ ਸੂਬਾ, ਜ਼ਿਲ੍ਹਾ, ਬਲਾਕ, ਕੇਂਦਰ ਅਤੇ ਸਕੂਲ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਹੈ। ਐਲੀਮੈਂਟਰੀ ਅਤੇ ਸੈਕੰਡਰੀ ਵਿੰਗਾਂ ਲਈ ਵੱਖਰੀਆਂ ਕਮੇਟੀਆਂ ਹੋਣਗੀਆਂ।