ਜਲੰਧਰ ਕੈਂਟ ਅਧੀਨ ਆਉਂਦੇ ਪਿੰਡ ਬੜਿੰਗ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਲੋਕਾਂ ਦੀ ਸਹੂਲਤ ਲਈ ਲਗਾਏ ਗਏ ‘ਸਰਕਾਰ ਤੁਹਾਡੇ ਦੁਆਰ’ ਕੈਂਪ ‘ਚ ‘ਆਪ’ ਵਰਕਰ ਫਲੈਕਸ ਬੋਰਡ ਲਗਾਉਣ ਨੂੰ ਲੈ ਕੇ ਆਪਸ ‘ਚ ਹੀ ਭਿੜ ਗਏ। ਜ਼ਿਕਰਯੋਗ ਹੈ ਕਿ ਪਿੰਡ ਬੜਿੰਗ ਵਿਖੇ ਸਥਾਨਕ ‘ਆਪ’ ਵਰਕਰਾਂ ਵੱਲੋਂ ਵਿਧਾਇਕ ਰਮਨ ਅਰੋੜਾ ਦੀ ਅਗਵਾਈ ਹੇਠ ‘ਸਰਕਾਰ ਤੁਹਾਡੇ ਦੁਆਰ’ ਕੈਂਪ ਗਿਆ ਸੀ ਅਤੇ ਇਸ ਦੌਰਾਨ ਪਾਰਟੀ ਦੀਆਂ ਦੋ ਧਿਰਾਂ ਫਲੈਕਸ ਲਗਾਉਣ ਨੂੰ ਲੈ ਕੇ ਆਪਸ ‘ਚ ਬਹਿਸ ਪਈਆਂ ਤੇ ਗੱਲ ਇਥੋਂ ਤਕ ਪਹੁੰਚ ਗਈ ਕਿ ਕੈਂਪ ਦੇ ਸਮਾਪਤ ਹੁੰਦਿਆਂ ਹੀ ਇਕ ਧਿਰ ਨੇ ਗੁੰਡੇ ਬੁਲਾ ਕੇ ‘ਆਪ’ ਵਰਕਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸਨੂੰ ਵਿਧਾਇਕ ਰਮਨ ਅਰੋੜਾ ਨੇ ਆਪਣੀ ਗੱਡੀ ‘ਚ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ । ਜਾਣਕਾਰੀ ਮੁਤਾਬਿਕ ਕਾਂਗਰਸ ਪਾਰਟੀ ਛੱਡ ਕੇ ‘ਆਪ’ ‘ਚ ਸ਼ਾਮਿਲ ਹੋਏ ਕੌਂਸਲਰ ਪ੍ਰਵੀਨਾ ਮੰਨੂ ਦੇ ਪਤੀ ਤੇ ‘ਆਪ’ ਆਗੂ ਮਨੋਜ ਮੰਨੂ ਦਾ ਫਲੈਕਸ ਬੋਰਡ ਕੈਂਪ ਤੋਂ ਕੁਝ ਦੂਰੀ ਟਤੇ ਲੱਗਾ ਹੋਇਆ ਸੀ। ਮਨੋਜ ਮੰਨੂ ਕੈਂਪ ਦੇ ਅੰਦਰ ਬੋਰਡ ਲਗਵਾਉਣਾ ਚਾਹੁੰਦਾ ਸੀ, ਜਿਸਨੂੰ ਲੈ ਕੇ ਮੰਨੂ ਦੀ ਸੀਨੀਅਰ ‘ਆਪ’ ਆਗੂ ਤੇ ਕੌਂਸਲਰ ਸੀਟ ਦੇ ਦਾਅਵੇਦਾਰ ਹਰਜੀਤ ਸਿੰਘ ਮਿਨਹਾਸ ਨਾਲ ਬਹਿਸ ਹੋ ਗਈ ਜਿਸ ਨੇ ਅਜਿਹਾ ਰੂਪ ਧਾਰ ਲਿਆ ਕਿ ਕੈਂਪ ਦੇ ਸਮਾਪਤ ਹੁੰਦਿਆਂ ਹੀ ਮਨੋਜ ਮੰਨੂ ਦੇ ਭੇਜੇ ਹੋਏ ਸਮਰਥਕਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਮਹਿੰਦਰ ਸਿੰਘ ਨਾਮਕ ‘ਆਪ’ ਵਰਕਰ ਜ਼ਖ਼ਮੀ ਹੋ ਗਿਆ ਜਿਸਨੂੰ ਵਿਧਾਇਕ ਰਮਨ ਅਰੋੜਾ ਨੇ ਆਪਣੀ ਗੱਡੀ ‘ਚ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀ ਹੋਏ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਉਪਰ ਬੜਿੰਗ ਦੇ ਰਹਿਣ ਵਾਲੇ ਬਾਬਾ, ਭਾਲੂ ਅਤੇ ਕਾਕਾ ਸਮੇਤ ਕਰੀਬ ਛੇ ਨੌਜਵਾਨਾਂ ਨੇ ਹਮਲਾ ਕੀਤਾ। ਫਿਲਹਾਲ ਵਿਧਾਇਕ ਰਮਨ ਅਰੋੜਾ ਦੀ ਮਾਮਲੇ ‘ਤੇ ਪੂਰੀ ਨਜ਼ਰ ਹੈ ਤੇ ਪੁਲਿਸ ਮੁਲਾਜ਼ਮਾਂ ਨੂੰ ਫੜਣ ਲਈ ਕਾਰਵਾਈ ਕਰ ਰਹੀ ਹੈ।