ਸਪੈਸ਼ਲ ਟਾਸਕ ਫੋਰਸ ਨੇ ਲੁਧਿਆਣਾ ਵਿਚ ਇਕ ਵਿਦੇਸ਼ੀ ਨਾਗਰਿਕ ਨੂੰ ਆਈਸ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪੱਛਮੀ ਅਫ਼ਰੀਕਾ ਦਾ ਰਹਿਣ ਵਾਲਾ ਹੈ। ਕਰੀਬ 10 ਸਾਲ ਪਹਿਲਾਂ ਉਹ ਅਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਭਾਰਤ ਆਇਆ ਸੀ। ਇਲਾਜ ਤੋਂ ਬਾਅਦ ਪਤਨੀ ਵਾਪਸ ਚਲੀ ਗਈ ਪਰ ਉਹ ਵਾਪਸ ਨਾ ਗਿਆ। ਇਹ ਅਪਰਾਧੀ ਕਰੀਬ 4 ਸਾਲਾਂ ਤੋਂ ਵੱਖ-ਵੱਖ ਇਲਾਕਿਆਂ ‘ਚ ਹੈਰੋਇਨ ਅਤੇ ਆਈਸ ਦੀ ਤਸਕਰੀ ਕਰ ਰਿਹਾ ਹੈ। ਮੁਲਜ਼ਮ ਦਾ ਨਾਂਅ ਫਰੈਂਕ ਚੁਬੈਜੀ ਹੈ। ਫਰੈਂਕ ਇਸ ਸਮੇਂ ਐਮਬੀਡੀ ਮਾਲ ਦੇ ਨੇੜੇ ਰਹਿੰਦਾ ਸੀ। ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਇੰਚਾਰਜ ਹਰਬੰਸ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਚੁਬੈਜੀ ਕਲੱਬਾਂ ਅਤੇ ਦਿਹਾਤੀ ਖੇਤਰਾਂ ਵਿਚ ਨਸ਼ਾ ਵੇਚਦਾ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਨਾਕਾਬੰਦੀ ਕਰਕੇ ਉਸ ਨੂੰ ਇਲਾਕਾ ਗੋਬਿੰਦ ਸਿੰਘ ਨਗਰ ਗਲੀ ਨੰਬਰ 3, ਅੰਮ੍ਰਿਤ ਮਾਡਲ ਸਕੂਲ ਨੇੜਿਉਂ ਕਾਬੂ ਕੀਤਾ।ਚੁਬੈਜੀ ਗਾਹਕਾਂ ਨੂੰ ਆਈਸ ਦੀ ਸਪਲਾਈ ਕਰਦਾ ਫੜਿਆ ਗਿਆ ਹੈ। ਮੁਲਜ਼ਮ ਕੋਲੋਂ 260 ਗ੍ਰਾਮ ਆਈਸ ਬਰਾਮਦ ਹੋਈ ਹੈ। ਪੁਲਿਸ ਨੂੰ ਚੁਬੈਜੀ ਦੀ ਜੈਕਟ ਵਿਚੋਂ ਆਈਸ ਮਿਲੀ ਹੈ। ਉਸ ਨੇ ਪੁਲਿਸ ਨੂੰ ਦਸਿਆ ਕਿ ਉਹ ਕੋਈ ਕੰਮ ਨਹੀਂ ਕਰਦਾ। ਉਸ ਵਿਰੁਧ ਜਲੰਧਰ ਪੁਲਿਸ ਪਹਿਲਾਂ ਵੀ ਦੋ ਕੇਸ ਦਰਜ ਕਰ ਚੁੱਕੀ ਹੈ, ਜਿਨ੍ਹਾਂ ਵਿਚ ਉਸ ਨੂੰ ਜ਼ਮਾਨਤ ਮਿਲੀ ਹੈ ਪਰ ਉਹ ਮੁੜ ਅਦਾਲਤ ਵਿਚ ਪੇਸ਼ ਨਹੀਂ ਹੋਇਆ ਜਿਸ ਕਾਰਨ ਉਸ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿਤਾ ਗਿਆ ਹੈ।