ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਦੇ ਆਗੂਆਂ ਦੀ ਤਿੰਨ ਕੇਂਦਰੀ ਮੰਤਰੀਆਂ ਨਾਲ ਦੇਰ ਰਾਤ ਤਕ ਚਲੀ ਮੀਟਿੰਗ ਵਿਚ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ ਕਿਸਾਨ ਦਿੱਲੀ ਕੂਚ ਕਰਨ ਲਈ ਤਿਆਰ ਹਨ। ਇਸ ਤੋਂ ਪਹਿਲਾਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਮੀਟਿੰਗ ਵਿਚ ਅਸੀਂ ਸਾਰਾ ਕੁੱਝ ਕਿਹਾ ਹੈ ਅਤੇ ਜਦੋਂ ਮੀਟਿੰਗ ਸਿਰੇ ਨਹੀਂ ਲੱਗੀ ਤਾਂ ਸਾਡੇ ਵਲੋਂ ਸਰਹੱਦਾਂ ਵੱਲ ਜਾਣ ਦਾ ਫ਼ੈਸਲਾ ਲੈਣਾ ਪਿਆ। ਸਾਡਾ ਮਾਰਚ ਸ਼ਾਂਤਮਈ ਹੋਵੇਗਾ। ਸਰਕਾਰ ਗੋਲੀਆਂ ਚਲਾਵੇ, ਲਾਠੀਆਂ ਚਲਾਵੇ ਜਾਂ ਅੱਥਰੂ ਗੈਸ ਛੱਡੇ, ਸੱਭ ਸਹਾਂਗੇ ਪਰ ਟਕਰਾਅ ਨਹੀਂ ਕਰਾਂਗੇ। “ਕਿਸਾਨ ਆਗੂ ਨੇ ਕਿਹਾ ਕਿ ਹਰਿਆਣਾ ਵਿਚ ਕਿਸਾਨਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਨੋਟਿਸ ਭੇਜੇ ਜਾ ਰਹੇ ਹਨ। ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਭਾਰੀ ਬੈਰੀਕੇਡ ਲਗਾਉਣ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਰਹੱਦਾਂ ‘ਅੰਤਰਰਾਸ਼ਟਰੀ ਸਰਹੱਦਾਂ’ ਵਿਚ ਤਬਦੀਲ ਹੋ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ, “ਅਸੀਂ ਕਿਸੇ ਸਿਆਸੀ ਦਲ ਨੂੰ ਮੰਨਦੇ ਤੇ ਨਾ ਹੀ ਕਿਸੇ ਸਿਆਸੀ ਦਲ ਦਾ ਸਾਨੂੰ ਸਮਰਥਨ ਹੈ। ਅਸੀਂ ਕਿਸਾਨ ਅਤੇ ਖੇਤੀ ਮਜ਼ਦੂਰਾਂ ਦੀ ਆਵਾਜ਼ ਚੁੱਕਣ ਵਾਲੇ ਹਾਂ। ਜੇਕਰ ਖੇਤੀ ਬਚ ਗਈ ਤਾਂ ਦੇਸ਼ ਬਚ ਜਾਵੇਗਾ। ਸਾਡੇ ਤਾਂ ਮੀਟਿੰਗ ਦੌਰਾਨ ਟਵਿੱਟਰ (ਐਕਸ) ਹੈਂਡਲ ਬੰਦ ਹੋ ਗਏ। ਸਰਕਾਰ ਸਾਡੇ ਅੰਦੋਲਨ ਦਾ ਟਾਈਮ ਪਾਸ ਕਰਨਾ ਚਾਹੁੰਦੀ ਹੈ।”ਕਿਸਾਨ ਆਗੂ ਨੇ ਕਿਹਾ ਕਿ, “ਅਸੀਂ ਤਾਂ ਕੋਈ ਸੜਕ ਨਹੀਂ ਰੋਕੀ, ਸੜਕਾਂ ਸਰਕਾਰ ਨੇ ਰੋਕੀਆਂ ਹਨ। ਅਸੀਂ ਅਨਾਜ ਉਗਾਉਂਦੇ ਹਾਂ ਪਰ ਸਰਕਾਰ ਕਿੱਲਾਂ ਉਗਾ ਰਹੀ ਹੈ। ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਤਰ੍ਹਾਂ ਸੜਕ ਨਹੀਂ ਰੋਕਣਾ ਚਾਹੁੰਦੇ।” ਅਗਲੀ ਰਣਨੀਤੀ ਬਾਰੇ ਗੱਲ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਸੱਭ ਮੌਕੇ ‘ਤੇ ਨਿਰਭਰ ਕਰਦੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ, “…ਕਾਂਗਰਸ ਸਾਡਾ ਸਮਰਥਨ ਨਹੀਂ ਕਰਦੀ। ਅਸੀਂ ਕਾਂਗਰਸ ਨੂੰ ਓਨਾ ਹੀ ਦੋਸ਼ੀ ਮੰਨਦੇ ਹਾਂ ਜਿੰਨੀ ਭਾਜਪਾ ਹੈ… ਅਸੀਂ ਕਿਸੇ ਦੇ ਪੱਖ ਵਿਚ ਨਹੀਂ ਹਾਂ। ਅਸੀਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਉਠਾਉਣ ਵਾਲੇ ਲੋਕ ਹਾਂ।”ਬੀਤੀ ਰਾਤ ਕਿਸਾਨਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਬਹੁਤ ਗੰਭੀਰਤਾ ਨਾਲ ਹੋਈ। ਮੁੰਡਾ ਨੇ ਕਿਹਾ, “ਅਜਿਹੇ ਸਾਰੇ ਵਿਸ਼ਿਆਂ ‘ਤੇ ਚਰਚਾ ਕੀਤੀ ਗਈ ਜਿਥੇ ਅਸੀਂ ਸਹਿਮਤੀ ‘ਤੇ ਪਹੁੰਚੇ। ਪਰ ਕੁੱਝ ਅਜਿਹੇ ਵਿਸ਼ੇ ਸਨ ਜਿਨ੍ਹਾਂ ਬਾਰੇ ਅਸੀਂ ਕਿਹਾ ਸੀ ਕਿ ਅਜਿਹੇ ਬਹੁਤ ਸਾਰੇ ਸਬੰਧਤ ਮੁੱਦੇ ਹਨ ਜਿਨ੍ਹਾਂ ਦਾ ਅਸਥਾਈ ਹੱਲ ਲੱਭਣ ਲਈ ਸਾਨੂੰ ਇਕ ਕਮੇਟੀ ਬਣਾਉਣ ਦੀ ਲੋੜ ਹੈ ਅਤੇ ਉਸ ਵਿਚ ਅਸੀ ਅਪਣੇ ਵਿਚਾਰ ਰੱਖਾਂਗੇ, ਸਥਾਈ ਹੱਲ ਕੱਢਾਗੇ।”