ਪੁਲਿਸ ਨੇ ਸੋਮਵਾਰ ਨੂੰ ਸ੍ਰੀਨਗਰ ‘ਚ ਪੰਜਾਬ ਦੇ ਦੋ ਵਰਕਰਾਂ ਦੀ ਟਾਰਗੈੱਟ ਕਿਲਿੰਗ ‘ਚ ਸ਼ਾਮਲ ਮੁੱਖ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਅੱਤਵਾਦੀ ਵੀ ਸ਼੍ਰੀਨਗਰ ਦਾ ਰਹਿਣ ਵਾਲਾ ਹੈ ਤੇ ਉਸ ਕੋਲੋਂ ਅਪਰਾਧ ‘ਚ ਵਰਤੀ ਗਈ ਪਿਸਤੌਲ ਵੀ ਬਰਾਮਦ ਹੋਈ ਹੈ। ਇਹ ਵਾਰਦਾਤ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੀ ਹਿੱਟ ਸਕੁਐਡ ਕਹੇ ਜਾਣ ਵਾਲੇ ਦ ਰਜਿਸਟੈਂਸ ਫਰੰਟ TRF ਦੇ ਹੈਂਡਲਰ ਦੇ ਆਦੇਸ਼ ‘ਤੇ ਅੰਜਾਮ ਦਿੱਤੀ ਗਈ ਸੀ ਤਾਂ ਜੋ ਕਸ਼ਮੀਰ ‘ਚ ਰਹਿੰਦੇ ਘੱਟ ਗਿਣਤੀਆਂ ਤੇ ਦੂਜੇ ਸੂਬਿਆਂ ਤੋਂ ਰੋਜ਼ੀ-ਰੋਟੀ ਦੀ ਭਾਲ ‘ਚ ਆਉਣ ਵਾਲੇ ਮਜ਼ਦੂਰਾਂ ‘ਚ ਡਰ ਪੈਦਾ ਕਰ ਕੇ ਉਨ੍ਹਾਂ ਨੂੰ ਕਸ਼ਮੀਰ ਛੱਡਣ ਲਈ ਮਜਬੂਰ ਕੀਤਾ ਜਾ ਸਕੇ। 7 ਫਰਵਰੀ ਨੂੰ ਸ੍ਰੀਨਗਰ ਦੇ ਸ਼ਾਲਾ ਕਦਲ ਇਲਾਕੇ ‘ਚ ਅੱਤਵਾਦੀਆਂ ਨੇ ਅੰਮ੍ਰਿਤਸਰ ਦੇ ਦੋ ਮਜ਼ਦੂਰਾਂ ਅੰਮ੍ਰਿਤਪਾਲ ਸਿੰਘ (Amritpal Singh Case) ਤੇ ਰੋਹਿਤ ਮਸੀਹ (Rohit Masih) ‘ਤੇ ਪਿਸਤੌਲ ਨਾਲ ਗੋਲ਼ੀਆਂ ਚਲਾਈਆਂ ਸਨ। ਇਸ ਹਮਲੇ ‘ਚ ਅੰਮ੍ਰਿਤਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਰੋਹਿਤ ਮਸੀਹ ਨੇ 8 ਫਰਵਰੀ ਦੀ ਸਵੇਰ ਦਮ ਤੋੜਿਆ ਸੀ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਲਾਅ ਐਂਡ ਆਰਡਰ ਵਿਜੇ ਕੁਮਾਰ ਨੇ ਅੱਜ ਇੱਥੇ ਕਸ਼ਮੀਰ ਰੇਂਜ ਦੇ ਆਈਜੀ ਬੀਕੇ ਵਿਰਦੀ ਦੀ ਹਾਜ਼ਰੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਦੋ ਮਜ਼ਦੂਰਾਂ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਤਲ ‘ਚ ਸ਼ਾਮਲ ਮੁੱਖ ਅੱਤਵਾਦੀ ਨੂੰ ਫੜ ਲਿਆ ਗਿਆ ਹੈ। ਉਸ ਦਾ ਨਾਂ ਆਦਿਲ ਮਨਜ਼ੂਰ ਲੰਗੂ ਹੈ ਤੇ ਉਹ ਸ੍ਰੀਨਗਰ ਦੇ ਜਾਲਡਗਰ ਦਾ ਰਹਿਣ ਵਾਲਾ ਹੈ। ਏਡੀਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਦੇ ਹਿੱਟ ਸਕੁਐਡ ਟੀਆਰਐਫ ਨੇ ਲਈ ਹੈ।