ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਸਭਰਾ ਵਿਚ ਇਕ ਵਿਅਕਤੀ ’ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬੀੜੀ ਪੀਣ ਨੂੰ ਲੈ ਕੇ ਪਿੰਡ ਦੇ ਹੀ ਇਕ ਵਿਅਕਤੀ ਨਾਲ ਬਹਿਸ ਹੋ ਗਈ। ਇਸ ਤਕਰਾਰ ਦੇ ਚਲਦਿਆਂ ਮੁਲਜ਼ਮ ਨੇ ਉਸ ਉਤੇ ਤਲਵਾਰ ਨਾਲ ਕਈ ਵਾਰ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਅਤੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਪਿੰਡ ਸਭਰਾ ਦਾ ਵਸਨੀਕ ਸੁਖਰਾਜ ਸਿੰਘ ਉਰਫ ਕਾਲੂ (38) ਪੁੱਤਰ ਅਮਰੀਕ ਸਿੰਘ ਅਪਣੇ ਕੰਮ ਲਈ ਘਰੋਂ ਬਾਹਰ ਨਿਕਲਿਆ ਸੀ ਤਾਂ ਅਚਾਨਕ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਉਪਰ ਹਮਲਾ ਕਰ ਦਿਤਾ। ਇਸ ਹਮਲੇ ਦੌਰਾਨ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵਲੋਂ ਮੁਲਜ਼ਮ ਸੁਖਚੈਨ ਸਿੰਘ (65) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਕੋਲੋਂ ਤਲਵਾਰ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿਤੀ ਹੈ।