ਲੁਧਿਆਣਾ ਵਿਚ ਦੇਰ ਰਾਤ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਜੀਲੈਂਸ ਦੇ ਏਐਸਆਈ ਮਨਜੀਤ ਸਿੰਘ ਦੀ ਮੌਤ ਹੋ ਗਈ। ਮਨਜੀਤ ਸਿੰਘ ਡਿਊਟੀ ਤੋਂ ਘਰ ਪਰਤ ਰਹੇ ਸਨ। ਅਚਾਨਕ ਉਹ ਕਿਸੇ ਕੰਮ ਲਈ ਲਾਡੋਵਾਲ ਨੇੜੇ ਰੇਲਵੇ ਟਰੈਕ ਕੋਲ ਪਹੁੰਚੇ। ਰੇਲਵੇ ਟ੍ਰੈਕ ਪਾਰ ਕਰਦੇ ਸਮੇਂ ਉਸ ਨੂੰ ਤੇਜ਼ ਰਫਤਾਰ ਟਰੇਨ ਨੇ ਟੱਕਰ ਮਾਰ ਦਿੱਤੀ। ਮ੍ਰਿਤਕ ਮਨਜੀਤ ਸਿੰਘ ਕਾਕੋਵਾਲ ਰੋਡ ਸ਼ਿਮਲਾ ਕਲੋਨੀ ਗਲੀ ਨੰਬਰ 4 ਦਾ ਰਹਿਣ ਵਾਲਾ ਸੀ। ਉਹ ਲੁਧਿਆਣਾ ਵਿੱਚ ਡੀਐਸਪੀ ਸ਼ਿਵਚੰਦ ਰੇਂਜ-2 ਵਿਚ ਤਾਇਨਾਤ ਸਨ। ਏ.ਐਸ.ਆਈ ਮਨਜੀਤ ਸਿੰਘ ਦੀ ਲਾਸ਼ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਜੀਆਰਪੀ ਪੁਲਿਸ ਨੂੰ ਸੂਚਨਾ ਦਿੱਤੀ। ਜੀਆਰਪੀ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਏਐਸਆਈ ਨੂੰ ਕਿਹੜੀ ਟਰੇਨ ਨੇ ਟੱਕਰ ਮਾਰੀ। ਐਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਇਹ ਦੇਰ ਰਾਤ ਦੀ ਘਟਨਾ ਹੈ। ਮਾਮਲੇ ਦੀ ਜਾਂਚ ਏਐਸਆਈ ਹਰਪ੍ਰੀਤ ਸਿੰਘ ਕਰ ਰਹੇ ਹਨ। ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਪੁਲਿਸ ਨੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।