ਅੰਮ੍ਰਿਤਸਰ ਦੇ ਵੇਰਕਾ ਇਲਾਕੇ ‘ਚੋਂ ਬੀਤੇ ਦਿਨੀਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ‘ਚ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਮ੍ਰਿਤਕ ਦੇ ਦੋਸਤ ਹੀ ਸਨ ਅਤੇ ਉਸ ਨਾਲ ਘੁੰਮ ਰਹੇ ਸਨ, ਉਨ੍ਹਾਂ ਨੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਖੇਤਾਂ ‘ਚ ਸੁੱਟ ਦਿਤਾ। ਮੁਲਜ਼ਮਾਂ ਦੀ ਪਛਾਣ ਵੀਰ ਸਿੰਘ ਉਰਫ ਵੰਸ਼, ਮਨਪ੍ਰੀਤ ਅਤੇ ਵਰੁਣ ਵਜੋਂ ਹੋਈ ਹੈ। ਵੇਰਕਾ ਦੇ ਰਹਿਣ ਵਾਲੇ ਹਰਮੇਸ ਸਿੰਘ ਨੇ ਦਸਿਆ ਕਿ ਉਸ ਦਾ ਲੜਕਾ ਨਵਤੇਜ ਸਿੰਘ ਉਮਰ ਕਰੀਬ 18 ਸਾਲ ਬੀਤੀ ਰਾਤ ਸਾਢੇ 8 ਵਜੇ ਘਰੋਂ ਨਿਕਲਿਆ ਸੀ ਪਰ ਉਹ ਵਾਪਸ ਨਹੀਂ ਆਇਆ। ਉਹ ਉਸ ਦੀ ਭਾਲ ਕਰਨ ਲਈ ਗਏ ਪਰ ਉਹ ਨਹੀਂ ਮਿਲਿਆ। ਉਨ੍ਹਾਂ ਦਾ ਲੜਕਾ ਪਹਿਲਾਂ ਵੀ ਦੋਸਤਾਂ ਦੇ ਘਰ ਰਹਿੰਦਾ ਸੀ, ਜਿਸ ਕਾਰਨ ਉਨ੍ਹਾਂ ਨੇ ਸੋਚਿਆ ਕਿ ਉਹ ਸਵੇਰੇ ਆ ਜਾਵੇਗਾ। ਸਵੇਰੇ ਗੁਰਦੁਆਰਾ ਨਾਨਕਸਰ ਸਾਹਿਬ ਤੋਂ ਸੂਚਨਾ ਮਿਲੀ ਕਿ ਖੇਤਾਂ ਕੋਲ ਇਕ ਲਾਸ਼ ਪਈ ਹੈ ਜਿਸ ਨੂੰ ਇਕ ਅਵਾਰਾ ਕੁੱਤੇ ਨੇ ਨੋਚਿਆ ਹੋਇਆ ਹੈ। ਜਦੋਂ ਉਹ ਉਥੇ ਗਿਆ ਤਾਂ ਦੇਖਿਆ ਕਿ ਲਾਸ਼ ਉਸ ਦੇ ਲੜਕੇ ਨਵਤੇਜ ਸਿੰਘ ਦੀ ਸੀ। ਮਾਮਲੇ ਦੀ ਜਾਂਚ ਦੌਰਾਨ ਮੁੱਖ ਥਾਣਾ ਵੇਰਕਾ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਏ।ਇਸ ਦੌਰਾਨ ਪਿਤਾ ਨੇ ਦਸਿਆ ਕਿ ਬੀਤੇ ਦਿਨੀਂ ਉਸ ਦੇ ਲੜਕੇ ਨਵਤੇਜ ਸਿੰਘ ਨਾਲ ਸਾਹਿਲ ਵਾਸੀ ਦੇਬੀ ਵਾਲਾ ਬਾਜ਼ਾਰ, ਮਨਜੀਤ ਸਿੰਘ ਵਾਸੀ ਪੱਤੀ ਹਰਦਾਸ ਦੀ ਵੇਰਕਾ, ਵੀਰ ਸਿੰਘ ਵਾਸੀ ਪੱਟੀ ਹਰਦਾਸ ਦੀ ਵੇਰਕਾ, ਅੰਮ੍ਰਿਤਸਰ ਅਤੇ ਤਰੁਣ ਸਿੰਘ ਉਰਫ ਬਿੱਲਾ ਵਾਸੀ ਬੈਂਕ ਸਾਈਡ ਗੁਰਦੁਆਰਾ ਨਾਨਕਸਰ, ਵੇਰਕਾ, ਅੰਮ੍ਰਿਤਸਰ ਅਤੇ 2/3 ਹੋਰ ਅਣਪਛਾਤੇ ਲੜਕੇ ਘੁੰਮ ਰਹੇ ਸਨ। ਉਨ੍ਹਾਂ ਨੇ ਦੋਸਤਾਂ ਉਤੇ ਹੀ ਸ਼ੱਕ ਜਤਾਇਆ ਸੀ। ਪੁਲਿਸ ਵਲੋਂ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।