ਰੁਜ਼ਗਾਰ ਦੀ ਭਾਲ ‘ਚ ਕੈਨੇਡਾ ਗਏ ਮਜੀਠਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਪੰਜਾਬ ਤੋਂ ਅਨੇਕਾਂ ਨੌਜਵਾਨ ਵਿਦੇਸ਼ੀ ਧਰਤੀ ‘ਤੇ ਆਪਣੇ ਚੰਗੇ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿਚ ਗਏ ਹਨ। ਮਜੀਠਾ ਸ਼ਹਿਰ ਦੇ ਅਨੂਪ ਸਿੰਘ ਸੰਧੂ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਮਜੀਠਾ ਦੇ ਹੋਣਹਾਰ ਸਪੁੱਤਰ ਅਤੇ ਮਜੀਠਾ ਸ਼ਹਿਰ ਦੇ ਜੰਮਪਲ ਤਰੁਨਦੀਪ ਸਿੰਘ ਸੰਧੂ ਜਿਹੜਾ ਕਿ ਰੁਜ਼ਗਾਰ ਦੀ ਖਾਤਰ ਵਿਦੇਸ਼ ਕੈਨੇਡਾ ਦੇ ਕੈਲਗਰੀ ਸੂਬੇ ਵਿਚ ਰਹਿ ਰਿਹਾ ਸੀ ਅਤੇ ਉਥੇ ਟਰੱਕ ਡਰਾਈਵਿੰਗ ਦਾ ਕੰਮ ਕਰਦਾ ਸੀ। ਪਰਿਵਾਰਕ ਸੂਤਰਾਂ ਅਨੁਸਾਰ ਤਰੁਨਦੀਪ ਸਿੰਘ ਸੰਧੂ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਪਤਨੀ ਵੀ ਵਿਦੇਸ਼ ਵਿਚ ਹੀ ਹੈ ਅਤੇ ਇਨ੍ਹਾਂ ਦੇ ਘਰ ਦੋ ਬੱਚੇ ਇੱਕ ਲੜਕਾ ਕਰੀਬ 5 ਸਾਲ ਅਤੇ ਬੇਟੀ ਕਰੀਬ ਇੱਕ ਮਹੀਨਾ ਦੇ ਹਨ। ਪਰਿਵਾਰ ਦੇ ਮੈਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਰੁਨਦੀਪ ਸਿੰਘ ਸੰਧੂ ਬੀਤੇ ਦਿਨ ਆਪਣੇ ਟਰੱਕ ‘ਤੇ ਜਾ ਰਿਹਾ ਸੀ ਰਸਤੇ ਵਿਚ ਕਿਸੇ ਪੈਟਰੋਲ ਪੰਪ ਤੋਂ ਤੇਲ ਭਰਵਾਉਣ ਮੌਕੇ ਉਸ ਦੀ ਪਤਨੀ ਦੀ ਗੱਲ ਉਸ ਨਾਲ ਫੋਨ ‘ਤੇ ਹੋਈ ਤਾਂ ਕੁਝ ਦੇਰ ਬਾਅਦ ਹੀ ਉਸ ਦਾ ਫੋਨ ਬੰਦ ਆਉਣ ਲੱਗਾ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਸ ਦੀ ਟਰੱਕ ਵਿਚ ਬੈਠੇ ਦੀ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ ਅਤੇ ਟਰੱਕ ਵਿਚੋਂ ਉਥੋਂ ਦੀ ਪੁਲਿਸ ਨੇ ਉਸ ਦੀ ਦੇਹ ਕੱਢੀ। ਮੌਤ ਦੀ ਸੂਚਨਾ ਮਿਲਦੇ ਸਾਰ ਪਿਤਾ ਅਨੂਪ ਸਿੰਘ ਸੰਧੂ ਉਸ ਦਾ ਇੱਕ ਭਰਾ ਅਤੇ ਪਤਨੀ ਕੈਨੇਡਾ ਰਵਾਨਾ ਹੋ ਗਏ। ਤਰੁਨਦੀਪ ਸਿੰਘ ਸੰਧੂ ਦੀ ਮੌਤ ਦੀ ਖ਼ਬਰ ਮਿਲਣ ਕਾਰਨ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ। ਵੱਡੀ ਗਿਣਤੀ ਵਿਚ ਸਨੇਹੀ ਰਾਤ ਵਕਤ ਹੀ ਸੰਧੂ ਪਰਿਵਾਰ ਨਾਲ ਦੁੱਖ ਜ਼ਾਹਿਰ ਕਰਨ ਉਨ੍ਹਾਂ ਦੇ ਘਰ ਪੁੱਜਣੇ ਸ਼ੁਰੂ ਹੋ ਗਏ। ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਤਲਬੀਰ ਸਿੰਘ ਗਿੱਲ, ਜੌਧ ਸਿੰਘ ਸਮਰਾ, ਭੁਪਿੰਦਰ ਸਿੰਘ ਭਿੰਡੂ ਸਾਬਕਾ ਪ੍ਰਧਾਨ, ਤਰੁਣ ਕੁਮਾਰ ਅਬਰੋਲ ਸਾਬਕਾ ਪ੍ਰਧਾਨ, ਦਿਲਬਾਗ ਸਿੰਘ ਗਿੱਲ, ਸਾਬਕਾ ਡਿਪਟੀ ਐਡਵੋਕੇਟ ਜਨਰਲ ਸੁਲਤਾਨ ਸਿੰਘ ਗਿੱਲ, ਜਗਮੇਰ ਸਿੰਘ ਮਜੀਠਾ, ਨੰਬਰਦਾਰ ਤੇਜਿੰਦਰ ਸਿੰਘ ਲਾਟੀ, ਜ਼ਸਕਰਨ ਸਿੰਘ ਭੰਗੂ, ਦੁਰਗਾ ਦਾਸ, ਦਲਜੀਤ ਸਿੰਘ ਸ਼ਾਹ, ਪ੍ਰਿੰਸ ਨਈਅਰ, ਸਲਵੰਤ ਸਿੰਘ ਸੇਠ, ਬਿੱਲੇ ਸ਼ਾਹ ਆੜ੍ਹਤੀਆ, ਅਜੈ ਚੋਪੜਾ, ਲਖਵਿੰਦਰ ਸਿੰਘ ਗਿੱਲ, ਸੰਤ ਪ੍ਰਕਾਸ਼ ਸਿੰਘ, ਮੱਖਣ ਸਿੰਘ ਹਰੀਆਂ, ਕੁਲਵੰਤ ਸਿੰਘ ਕੋਟਲਾ ਪੀਤੂ, ਜ਼ਸਕਰਨ ਸਿੰਘ ,ਸੁੱਖ ਭੰਗੂ, ਕੁਲਦੀਪ ਸਿੰਘ ਕਾਹਲੋ, ਮਨਪ੍ਰੀਤ ਸਿੰਘ ਉਪਲ, ਪ੍ਰਭਦਿਆਲ ਸਿੰਘ ਨੰਗਲ ਪਨਵਾਂ, ਹਰਬੰਸ ਸਿੰਘ ਮੱਲ੍ਹੀ, ਇਕਬਾਲ ਸਿੰਘ ਮੱਲੀ, ਮਨਿੰਦਰ ਸਿੰਘ ਸੋਖੀ, ਜਸਪਾਲ ਸਿੰਘ ਗਿੱਲ, ਪ੍ਰਿਥੀਪਾਲ ਸਿੰਘ ਹਰੀਆਂ, ਬਲਵਿੰਦਰ ਸਿੰਘ ਭੰਗੂ, ਸਮੇਤ ਵੱਡੀ ਗਿਣਤੀ ਸਨੇਹੀ ਸ਼ਾਮਲ ਸਨ।

Leave a Reply

Your email address will not be published. Required fields are marked *