ਪੰਜਾਬ ਦੇ ਕਈ ਇਲਾਕਿਆਂ ਵਿਚ ਚਿੱਟੇ ਦੀ ਤਸਕਰੀ ਇਕ ਪਰਵਾਰਕ ਧੰਦਾ ਬਣ ਗਈ ਹੈ। ਘਰ ਦੀਆਂ ਧੀਆਂ-ਭੈਣਾਂ ਵੀ ਇਨ੍ਹਾਂ ਦੀ ਸਪਲਾਈ ਵਿਚ ਪਿੱਛੇ ਨਹੀਂ ਹਨ। ਪੁਲਿਸ ਰਿਕਾਰਡ ਵਿਚ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਜਲੰਧਰ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਿਛਲੇ ਇਕ ਸਾਲ ਦੌਰਾਨ 304 ਕੇਸ ਦਰਜ ਕੀਤੇ, ਜਿਨ੍ਹਾਂ ਵਿਚ 453 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ 6 ਕੁਇੰਟਲ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਫੜੇ ਗਏ ਨਸ਼ਾ ਤਸਕਰਾਂ ਵਿਚੋਂ 160 ਜਾਂ 35 ਫ਼ੀ ਸਦੀ ਔਰਤਾਂ ਹਨ। ਜਲੰਧਰ ਦੇ ਕਈ ਇਲਾਕਿਆਂ ‘ਚ ਕੁੱਝ ਪਰਵਾਰ ਅਜਿਹੇ ਹਨ, ਜਿਨ੍ਹਾਂ ਦੇ ਘਰਾਂ ‘ਚ ਸੱਸ ਅਤੇ ਨੂੰਹ ਸਮੇਤ ਪੂਰੇ ਪਰਵਾਰ ‘ਤੇ ਐਨਡੀਪੀਐਸ ਦੇ ਕੇਸ ਦਰਜ ਹਨ। ਪੁਲਿਸ ਵਲੋਂ ਜ਼ਬਤ ਕੀਤੇ ਗਏ ਵਾਹਨ ਜਾਂ ਤਾਂ ਮੋਡੀਫਾਈ ਕੀਤੇ ਗਏ ਸਨ ਜਾਂ ਫਿਰ ਉਨ੍ਹਾਂ ਦੇ ਕੈਬਿਨਾਂ ਵਿਚ ਨਸ਼ੀਲੇ ਪਦਾਰਥ ਛੁਪਾ ਕੇ ਲਿਆਂਦਾ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਦਿਹਾਤੀ ਇਲਾਕਿਆਂ ਵਿਚ ਕਈ ਅਜਿਹੇ ਪਿੰਡ ਹਨ, ਜੋ ਨਸ਼ਿਆਂ ਲਈ ਬਦਨਾਮ ਹਨ। ਇਥੇ ਅਜਿਹੇ ਪਰਵਾਰ ਵੀ ਹਨ ਜਿਨ੍ਹਾਂ ਵਿਚ ਸੱਸ ਅਤੇ ਨੂੰਹ ਸਮੇਤ ਪੂਰੇ ਪਰਵਾਰ ਵਿਰੁਧ ਐਨਡੀਪੀਐਸ ਕੇਸ ਦਰਜ ਹਨ। ਫਿਲੌਰ ਦੀ ਗੰਨਾ ਬਸਤੀ ਨਸ਼ਿਆਂ ਲਈ ਖਾਸ ਤੌਰ ‘ਤੇ ਬਦਨਾਮ ਹੈ। ਇਥੋਂ ਦੀਆਂ ਕਈ ਵੀਡੀਉਜ਼ ਵੀ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਔਰਤਾਂ ਨਸ਼ੇ ਦੇ ਪੈਕਟ ਵੇਚਦੀਆਂ ਨਜ਼ਰ ਆ ਰਹੀਆਂ ਹਨ। ਫਿਲੌਰ ਪੁਲਿਸ ਨੇ ਇਸ ਪਿੰਡ ਦੀਆਂ ਕਈ ਔਰਤਾਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਵੀ ਕੀਤਾ ਹੈ। ਸਾਰੇ ਮਾਮਲੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਪਰਵਾਰ ਨਸ਼ਿਆਂ ‘ਤੇ ਨਿਰਭਰ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 17.280 ਕਿਲੋ ਹੈਰੋਇਨ, 26.610 ਕਿਲੋ ਅਫੀਮ, 513 ਕਿਲੋ ਡੋਡੇ-ਭੁੱਕੀ, 3 ਕਿਲੋ ਨਸ਼ੀਲਾ ਪਾਊਡਰ, 31 ਕਿਲੋ ਗਾਂਜਾ, 1,35,996 ਨਸ਼ੀਲੀਆਂ ਗੋਲੀਆਂ, 1151 ਕੈਪਸੂਲ, 8 ਟੀਕੇ, 8 ਨਸ਼ੀਲੀਆਂ ਗੋਲੀਆਂ, 15 ਗ੍ਰਾਮ ਆਈਸ ਬਰਾਮਦ ਕੀਤੀ ਹੈ।ਇਸ ਦੌਰਾਨ ਇਕ ਨੌਜਵਾਨ ਨੇ ਦਸਿਆ ਕਿ ਉਸ ਨੂੰ ਨਸ਼ੇ ਦੀ ਆਦਤ ਅਪਣੇ ਦੋਸਤਾਂ ਤੋਂ ਲੱਗੀ। ਉਸ ਨੇ ਦਸਿਆ, “ਮੈਂ ਚਾਰ ਸਾਲ ਪਹਿਲਾਂ ਦੋਸਤਾਂ ਦੀ ਸੰਗਤ ਵਿਚ ਨਸ਼ੇ ਦਾ ਆਦੀ ਹੋ ਗਿਆ ਸੀ। ਜੋ ਵੀ ਪੈਸਾ ਕਮਾਉਂਦਾ ਸੀ, ਉਸ ਤੋਂ ਨਸ਼ੇ ਖਰੀਦਦਾ ਸੀ। ਹੌਲੀ-ਹੌਲੀ ਆਮਦਨ ਘਟਦੀ ਗਈ ਅਤੇ ਨਸ਼ਿਆਂ ‘ਤੇ ਖਰਚੇ ਵਧਣ ਲੱਗੇ। ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਕਾਰਨ ਨਸ਼ੇ ਦੀ ਸਪਲਾਈ ਸ਼ੁਰੂ ਕਰ ਦਿਤੀ”। ਹੁਣ ਉਹ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਅਧੀਨ ਹੈ।ਪਿੰਡ ਕਿਸ਼ਨਪੁਰਾ ਦੇ ਵਸਨੀਕ ਨੇ ਦਸਿਆ ਕਿ ਉਹ ਤਿੰਨ ਸਾਲਾਂ ਤੋਂ ਨਸ਼ਾ ਕਰ ਰਿਹਾ ਹੈ। ਇਕ ਮਹੀਨਾ ਪਹਿਲਾਂ ਉਸ ਦਾ ਦੋਸਤ ਉਸ ਨੂੰ ਸਿਵਲ ਹਸਪਤਾਲ ਸਥਿਤ ਨਸ਼ਾ ਛੁਡਾਊ ਕੇਂਦਰ ਲੈ ਗਿਆ। ਡਾਕਟਰ ਨੇ ਜਾਂਚ ਕਰਕੇ ਦਵਾਈ ਸ਼ੁਰੂ ਕਰ ਦਿਤੀ ਹੈ। ਉਹ ਇਕ ਪ੍ਰਾਈਵੇਟ ਕੰਪਨੀ ਵਿਚ ਸੁਰੱਖਿਆ ਗਾਰਡ ਸੀ। ਜਦੋਂ ਕੋਰੋਨਾ ਦੇ ਦੌਰ ਵਿਚ ਨੌਕਰੀ ਚਲੀ ਗਈ ਤਾਂ ਤਣਾਅ ਵਧ ਗਿਆ। ਇਸ ਤੋਂ ਬਾਅਦ ਉਹ ਮਾੜੀ ਸੰਗਤ ਵਿਚ ਫਸ ਗਿਆ ਅਤੇ ਨਸ਼ੇ ਦਾ ਆਦੀ ਹੋ ਗਿਆ।ਪਰਵਾਰ ਵਾਲਿਆਂ ਨੇ ਖਰਚਾ ਵੀ ਦੇਣਾ ਬੰਦ ਕਰ ਦਿਤਾ, ਉਸ ਦੇ ਮਨ ਵਿਚ ਕਈ ਵਾਰ ਜਾਨ ਦੇਣ ਦਾ ਵਿਚਾਰ ਵੀ ਆਇਆ।ਅੰਕੁਰ ਗੁਪਤਾ, ਡੀਸੀਪੀ ਲਾਅ ਐਂਡ ਆਰਡਰ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣ ਲਈ ਕਮਿਸ਼ਨਰੇਟ ਪੁਲਿਸ ਨੇ ਤਿੰਨ ਵਿਸ਼ੇਸ਼ ਯੂਨਿਟਾਂ ਦਾ ਗਠਨ ਕੀਤਾ ਹੈ। ਨਸ਼ਾ ਤਸਕਰੀ ਨੂੰ ਰੋਕਣ ਲਈ ਸੀ.ਆਈ.ਏ .ਸਟਾਫ਼, ਕ੍ਰਾਈਮ ਬ੍ਰਾਂਚ ਅਤੇ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਕਮਿਸ਼ਨਰੇਟ ਪੁਲਿਸ ਦੇ ਅਧੀਨ ਆਉਂਦੇ ਥਾਣਿਆਂ ਦੀ ਪੁਲਿਸ ਨਾਲ ਮਿਲ ਕੇ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕਰਦੀਆਂ ਹਨ।