ਦੀਨਾਨਗਰ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਕੰਧ ਪਾੜ ਕੇ ਚੋਰੀ ਦੀ ਨੀਅਤ ਨਾਲ ਬੈਂਕ ਅੰਦਰ ਦਾਖਲ ਹੋਣ ਵਾਲੇ ਵਿਅਕਤੀ ਪੁਲਿਸ ਨੇ ਕਾਬੂ ਕਰ ਲਏ ਹਨ ਤੇ ਉਹਨਾਂ ਖਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਦਵਿੰਦਰ ਵਸਿਸ਼ਟ ਨੇ ਦੱਸਿਆ ਕਿ ਮੈਂ ਰੋਜ਼ਾਨਾ ਦੀ ਤਰਾਂ ਬੈਂਕ ਬੰਦ ਕਰਕੇ ਗੇਟ ਨੂੰ ਤਾਲਾ ਲਗਾ ਕੇ ਸਮੇਤ ਸਟਾਫ ਘਰਾਂ ਨੂੰ ਚਲੇ ਗਏ ਸੀ।
ਮਿਤੀ 18 ਫਰਵਰੀ ਨੂੰ ਰਾਤ ਕਰੀਬ 2:36 ਮਿੰਟ ‘ਤੇ ਇੱਕ ਟੈਲੀਫੋਨ ਕਾਲ ਸਕਿਉਟਰੀ ਬਰਾਂਚ ਹੈਦਰਾਬਾਦ ਤੋਂ ਆਈ, ਜਿਨਾਂ ਦੱਸਿਆ ਕਿ ਤੁਹਾਡੇ ਬੈਂਕ ਦੇ ਅੰਦਰ ਕੋਈ ਨਾਮਲੂਮ ਵਿਅਕਤੀ ਵੜ ਗਿਆ ਹੈ ਜਿਸ ਨੇ ਆਪਣਾ ਮੂੰਹ ਮਾਸਕ ਨਾਲ ਢੱਕਿਆ ਹੋਇਆ ਸੀ ਅਤੇ ਸਟਰਾਂਗ ਰੂਮ ਦੇ ਬਾਹਰ ਖੜਾ ਹੈ। ਤਰੁੰਤ ਇਸ ਬਾਰੇ ਦੀਨਾਨਗਰ ਪੁਲਿਸ ਨੂੰ ਆਪਣੇ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਪਾਰਟੀ ਨੂੰ ਇਸ ਬਾਰੇ ਇਤਲਾਹ ਮਿਲਣ ਤੇ ਤਫ਼ਤੀਸ਼ ਅਫ਼ਸਰ ਨੇ ਮੌਕੇ ‘ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ, ਇਸ ਤੋਂ ਇਲਾਵਾ ਸਾਡੇ ਬੈਂਕ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ। ਜਾਣਕਾਰੀ ਅਨੁਸਾਰ ਇਸ ਮੁਲਜ਼ਮ ਵੱਲੋਂ ਬੈਂਕ ਦੀ ਕੰਧ ਹੇਠਾਂ ਵਾਲੇ ਪਾਸਿਓਂ ਪਾੜ ਪਾ ਕੇ ਚੋਰੀ ਕਰਨ ਦੀ ਨੀਅਤ ਨਾਲ ਬੈਂਕ ਅੰਦਰ ਦਾਖਲ ਹੋਇਆ ਸੀ। ਉਧਰ ਇਸ ਸਬੰਧੀ ਥਾਣਾ ਮੁਖੀ ਦੀਨਾਨਗਰ ਮਨਦੀਪ ਸਲਗੋਤਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਮੁਲਾਜ਼ਮ ਕੋਲੋਂ ਬਰਾਮਦ ਹੋਏ ਪਿੱਠੂ ਬੈਗਾਂ ਨੂੰ ਚੈਕ ਕੀਤਾ ਗਿਆ ਤਾਂ ਉਸ ਵਿਚੋਂ ਇੱਕ ਗੋਲ ਹਥੌੜਾ, ਇੱਕ ਹਥੌੜੀ, ਤਿੰਨ ਲੋਹੇ ਦੇ ਬਲੇਡ, ਇੱਕ ਸੂਆ, ਇੱਕ ਕਟਰ, ਇੱਕ ਪੇਚ ਕੱਸ, ਇਕ ਸੈਣੀ ਅਤੇ ਤਿੰਨ ਪੇਚ ਕੱਸ ਬਰਾਮਦ ਹੋਏ ਹਨ। ਪੁਲਿਸ ਮੁਤਾਬਕ ਮੁਲਜਮ ਦੀ ਪਹਿਚਾਣ ਰੋਹਿਤ ਕੁਮਾਰ ਪੁੱਤਰ ਬਚਨ ਲਾਲ ਵਾਸੀ ਮਦਾਰਪੁਰ ਥਾਣਾ ਤਾਰਾਗੜ ਜਿਲਾ ਪਠਾਨਕੋਟ ਵਜੋਂ ਦੱਸੀ ਗਈ ਹੈ ਪੁਲਿਸ ਨੇ ਮੌਕੇ ਤੇ ਗ੍ਰਿਫ਼ਤਾਰ ਕੀਤੇ ਮੁਲਜ਼ਮ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।