ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਲਈ ਅੱਜ ਬਾਅਦ ਦੁਪਹਿਰ ਸਿਟੀ ਰੇਲਵੇ ਸਟੇਸ਼ਨ ਤੋਂ ਜਨਮ ਅਸਥਾਨ ਵਾਰਾਨਸੀ ਲਈ ‘ਬੇਗਮਪੁਰਾ ਐਕਸਪ੍ਰੈੱਸ’ ਗੁਰੂ ਰਵਿਦਾਸ ਜੀ ਦੇ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਹੋ ਗਈ। ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੇ ਬਾਹਰ ਇਕੱਤਰ ਹੋਈ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਨੇ ਜੈਕਾਰਿਆਂ ਦੀ ਗੂੰਜ ’ਚ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਕੋਲੋਂ ਆਸ਼ੀਰਵਾਦ ਲਿਆ। ਡੇਰੇ ਦੇ ਪ੍ਰਬੰਧਕਾਂ ਮੁਤਾਬਕ ਇਸ ਰੇਲਗੱਡੀ ਰਾਹੀਂ 1584 ਸ਼ਰਧਾਲੂ ਰਵਾਨਾ ਹੋਏ ਹਨ ਅਤੇ ਇਹ ਗੱਡੀ 23 ਫਰਵਰੀ ਨੂੰ ਵਾਰਾਨਸੀ ਵਿਖੇ ਪੁੱਜੇਗੀ। 24 ਫਰਵਰੀ ਨੂੰ ਸੰਗਤਾਂ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਉਪਰੰਤ 26 ਫਰਵਰੀ ਨੂੰ ਵਾਪਸ ਜਲੰਧਰ ਪਰਤਣਗੀਆਂ।ਅੱਜ ਸਵੇਰ ਤੋਂ ਰੇਲਵੇ ਸਟੇਸ਼ਨ ’ਤੇ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਸੀ ਤੇ ਚਾਰੇ ਪਾਸੇ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਚੱਲ ਰਿਹਾ ਸੀ। ਦੁਪਹਿਰ ਨੂੰ ਇਹ ਵਿਸ਼ੇਸ਼ ਰੇਲਗੱਡੀ ਜੈਕਾਰਿਆਂ ਦੀ ਗੂੰਜ ‘ਚ ਸੰਤ ਨਿਰੰਜਣ ਦਾਸ ਜੀ ਦੀ ਅਗਵਾਈ ਹੇਠ ਰਵਾਨਾ ਹੋਏ। ਹਾਲਾਂਕਿ ਅਚਾਨਕ ਸੰਤ ਨਿਰੰਜਣ ਦਾਸ ਜੀ ਦੀ ਅਚਾਨਕ ਸਿਹਤ ਵਿਗੜਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਹ ਡੇਰਾ ਬੱਲਾਂ ਚਲੇ ਗਏ। ਡੇਰੇ ਦੇ ਪ੍ਰਬੰਧਕਾਂ ਮੁਤਾਬਕ ਬਾਬਾ ਜੀ ਨੂੰ ਬੁਖਾਰ ਹੋਣ ਕਰਕੇ ਉਹ ਰੇਲਗੱਡੀ ਰਾਹੀਂ ਵਾਰਾਨਸੀ ਲਈ ਰਵਾਨਾ ਨਹੀਂ ਹੋ ਸਕੇ ਤੇ ਉਹ ਵਾਪਸ ਡੇਰਾ ਬੱਲਾਂ ਪੁੱਜ ਗਏ ਹਨ। ਹੁਣ ਉਹ ਹਵਾਈ ਜਹਾਜ਼ ਰਾਹੀਂ ਵਾਰਾਨਸੀ ਜਾਣਗੇ ਤੇ ਜਿੱਥੇ ਪ੍ਰਕਾਸ਼ ਪੁਰਬ ਦੇ ਸਮਾਗਮ ’ਚ ਸੰਗਤ ਨਾਲ ਸ਼ਿਰਕਤ ਕਰਨਗੇ।