ਕੱਲ੍ਹ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਭਗਵੰਤ ਮਾਨ ਵੱਲੋਂ ਨੌਕਰੀ ਦੀ ਪੇਸ਼ਕਸ਼ ਤੇ ਵਿੱਤੀ ਮਦਦ ਬਾਰੇ ਦਿੱਤੇ ਗਏ ਬਿਆਨ ਦਾ ਪੰਜਾਬ ਵਿੱਚ ਕੋਈ ਭਰੋਸਾ ਨਹੀਂ ਕਰ ਰਿਹਾ। ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਇਸ ਬਾਰੇ ਫੈਸਲਾ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਲਿਆ ਜਾਵੇ ਤੇ ਇਸ ਤੋਂ ਇਲਾਵਾ ਵੀ ਸਰਕਾਰ ਨੂੰ ਪੁਲਿਸ ਤਸ਼ੱਦਦ ਤੋਂ ਪ੍ਰਭਾਵਿਤ ਸਾਰੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ। ਪੰਜਾਬ ਦੀ ਧਰਤੀ ‘ਤੇ ਪੰਜਾਬ ਦੇ ਕਿਸਾਨਾਂ ‘ਤੇ ਤਸ਼ੱਦਦ ਢਾਹੁਣ ਲਈ ਹਰਿਆਣਾ ਪੁਲਿਸ ਨੂੰ ਖੁੱਲ੍ਹ ਦੇਣ ਲਈ ਭਗਵੰਤ ਮਾਨ ਨੂੰ ਨੈਤਿਕ ਤੇ ਕਾਨੂੰਨੀ ਤੌਰ ’ਤੇ ਜ਼ਿੰਮੇਵਾਰੀ ਸਵੀਕਾਰ ਕਰ ਲੈਣੀ ਚਾਹੀਦੀ ਹੈ। ਹਾਲਾਤ ਸਮਝਦਿਆਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਅੱਜ ਕੈਬਨਿਟ ਮੀਟਿੰਗ ’ਚ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਮਦਦ ਲਈ ਜ਼ਰੂਰ ਅੱਗੇ ਆਉਣ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਉਪਰੋਕਤ ਬਿਆਨ ਸਾਂਝਾ ਕੀਤਾ ਹੈ।