ਵੀਰਵਾਰ ਰਾਤ ਖਨੌਰੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਬਠਿੰਡਾ ਜ਼ਿਲ੍ਹੇ ਦੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਦਰਸ਼ਨ ਸਿੰਘ 62 ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਅਮਰਗੜ੍ਹ ਵਜੋਂ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਕਿਸਾਨ ਪਹਿਲੇ ਦਿਨ ਤੋਂ ਹੀ ਖਨੌਰੀ ਬਾਰਡਰ ਉੱਪਰ ਡਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲਿਸ ਵੱਲੋਂ ਚਲਾਏ ਗਏ ਹੰਜੂ ਗੈਸ ਦੇ ਗੋਲ਼ਿਆਂ ਕਾਰਨ ਉਕਤ ਕਿਸਾਨ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਤਬੀਅਤ ਵਿਗੜਨ ਬਾਅਦ ਕਿਸਾਨ ਦਰਸ਼ਨ ਸਿੰਘ ਨੂੰ ਇਲਾਜ ਲਈ ਪਾਤੜਾਂ ਲਿਜਾਇਆ ਗਿਆ। ਜਿੱਥੋਂ ਉਸਨੂੰ ਸਰਕਾਰੀ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਲੜਕਾ ਲੜਕੀ ਤੇ ਪਤਨੀ ਨੂੰ ਛੱਡ ਗਿਆ। ਅੱਠ ਏਕੜ ਜ਼ਮੀਨ ਦੇ ਮਾਲਕ ਇਸ ਕਿਸਾਨ ਸਿਰ 8 ਲੱਖ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਦੇ ਪੁੱਤਰ ਦਾ ਵਿਆਹ ਸਿਰਫ 15 ਦਿਨ ਪਹਿਲਾਂ ਹੀ ਹੋਇਆ ਸੀ। ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਮੰਗ ਕੀਤੀ ਕਿ ਕਿਸਾਨ ਦਰਸ਼ਨ ਸਿੰਘ ਨੂੰ ਸ਼ਹੀਦ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਵੀ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।