ਹੁਸ਼ਿਆਰਪੁਰ ਦੇ ਹਲਕਾ ਟਾਂਡਾ ਉੜਮੁੜ ਦੇ ਨੇੜੇ ਪੈਂਦੇ ਪਿੰਡ ਪਲਾ ਚੱਕ ਰੇਲਵੇ ਫਾਟਕ ‘ਤੇ ਸਨਸਨੀਖੇਜ਼ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਰੇਲਵੇ ਦਾ ਗੇਟਮੈਨ ਜ਼ਖ਼ਮੀ ਹੋ ਗਿਆ। ਇਸ ਧਮਾਕੇ ਦੀ ਸੂਚਨਾ ਮਿਲਣ ‘ਤੇ ਟਾਂਡਾ ਪੁਲਿਸ ਤੇ ਰੇਲਵੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਗੇਟਮੈਨ ਸੋਨੂੰ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ। ਇਸ ਬੰਬ ਨੁਮਾ ਧਮਾਕਾ ਹੋਣ ਕਰਕੇ ਇਲਾਕੇ ਵਿਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ। ਲੋਕ ਵੱਡੀ ਗਿਣਤੀ ਵਿਚ ਰੇਲਵੇ ਫਾਟਕ ਨੰਬਰ 71 ‘ਤੇ ਇਕੱਠੇ ਹੋ ਗਏ। ਇਸ ਮੌਕੇ ਜਾਂਚ ਪੜਤਾਲ ਦੌਰਾਨ ਗੱਲਬਾਤ ਕਰਦਿਆਂ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਧਮਾਕਾ ਕੋਈ ਵੱਡਾ ਬਿਸਫੋਟ ਨਹੀਂ ਸੀ ਬਲਕਿ ਰੇਲਵੇ ਫਾਟਕ ਨੇੜਲੇ ਖੇਤਾਂ ਵਿੱਚ ਜੰਗਲੀ ਜਾਨਵਰਾਂ ਨੂੰ ਭਜਾਉਣ ਲਈ ਕਿਸੇ ਕਿਸਾਨ ਵਲੋਂ ਗੰਧਕ ਪੋਟਾਸ਼ ਆਟੇ ਵਿਚ ਲਪੇਟ ਖੇਤਾਂ ਵਿਚ ਰੱਖੀ ਗਈ ਸੀ ਜੋ ਕਿ ਕਿਸੇ ਪੰਛੀ ਵਲੋਂ ਚੁੱਕ ਕੇ ਰੇਲਵੇ ਫਾਟਕਾਂ ਨੇੜੇ ਸੁੱਟ ਦਿਤੀ ਗਈ। ਉਕਤ ਰੇਲਵੇ ਗੇਟਮੈਨ ਦਾ ਘੁੰਮਦੇ ਹੋਏ ਗੰਧਕ ਪੋਟਾਸ਼ ‘ਤੇ ਪੈਰ ਰੱਖਿਆ ਗਿਆ , ਜਿਸ ਕਾਰਨ ਧਮਾਕਾ ਹੋ ਗਿਆ ਤੇ ਇਸ ਧਮਾਕੇ ਵਿਚ ਗੇਟਮੈਨ ਜ਼ਖ਼ਮੀ ਹੋ ਗਿਆ ਸੀ।