ਤਰਨਤਾਰਨ ਦੇ ਕਸਬਾ ਝਬਾਲ ’ਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਨੂੰ ਅੱਜ ਦਿਨ ਦਿਹਾੜੇ ਬੁਲਟ ਮੋਟਰਸਾਈਕਲ ’ਤੇ ਆਏ ਦੋ ਲੁਟੇਰਿਆਂ ਨੇ ਲੁੱਟ ਦਾ ਸ਼ਿਕਾਰ ਬਣਾ ਲਿਆ। ਉਕਤ ਲੁਟੇਰੇ ਬੈਂਕ ਦੇ ਗਾਰਡ ਦੀ ਬੰਦੂਕ ਵੀ ਖੋਹ ਕੇ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਲੁੱਟ 8 ਲੱਖ ਦੇ ਕਰੀਬ ਦੀ ਹੋਈ। ਹਾਲਾਂਕਿ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਐੱਸਐੱਸਪੀ ਅਸ਼ਵਨੀ ਕਪੂਰ ਤੋਂ ਇਲਾਵਾ ਹੋਰ ਆਹਲਾ ਅਧਿਕਾਰੀ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਦੁਪਹਿਰ ਬਾਅਦ ਬੁਲਟ ਮੋਟਰਸਾਈਕਲ ’ਤੇ ਦੋ ਲੋਕ ਬੈਂਕ ’ਚ ਆਏ ਤੇ ਨਕਦੀ ਤੋਂ ਇਲਾਵਾ ਗਾਰਡ ਦੀ ਬੰਦੂਕ ਲੁੱਟ ਕੇ ਫਰਾਰ ਹੋ ਗਏ। ਸੂਤਰਾਂ ਮੁਤਾਬਕ ਉਕਤ ਲੁਟੇਰਿਆਂ ਨੇ ਕੁਝ ਦੂਰੀ ’ਤੇ ਮੋਟਰਸਾਈਕਲ ਛੱਡ ਦਿੱਤਾ ਤੇ ਇਕ ਕਾਰ ਵਿਚ ਬੈਠ ਕੇ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਅਤੇ ਨਾ ਹੀ ਲੁੱਟ ਦੀ ਅਸਲ ਰਕਮ ਬਾਰੇ ਅਜੇ ਕੋਈ ਜਾਣਕਾਰੀ ਮਿਲੀ ਹੈ। ਪੁਲਿਸ ਦਾ ਦਾਅਵਾ ਹੈ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਨਾਕੇਬੰਦੀ ਕਰ ਦਿੱਤੀ ਗਈ ਹੈ ਤੇ ਜਲਦ ਉਨ੍ਹਾਂ ਨੂੰ ਫੜ੍ਹ ਲਿਆ ਜਾਵੇਗਾ।