ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪ੍ਰਗਟਾਵਾ ਕੀਤਾ ਗਿਆ ਹੈ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਗੈਂਗਸਟਰ ਵਲੋਂ ਧਮਕੀ ਭਰਿਆ ਫ਼ੋਨ ਅਤੇ ਮੈਸੇਜ ਮਿਲੇ ਹਨ ਜਿਸ ਵਿਚ ਫ਼ੋਨ ਕਰਨ ਵਾਲੇ ਨੇ ਉਨ੍ਹਾਂ ਕੋਲੋਂ ਦੋ ਕਰੋੜ ਰੁਪਏ ਦੀ ਫਿਰੋਤੀ ਮੰਗੀ ਹੈ। ਚੰਨੀ ਨੇ ਇਹ ਪ੍ਰਗਟਾਵਾ ਅਪਣੀ ਮੋਰਿੰਡਾ ਸਥਿਤ ਰਿਹਾਇਸ਼ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਦਸਿਆ ਕਿ ਉਹ ਇਸ ਸਬੰਧੀ ਆਏ ਮੈਸੇਜ ਦਾ ਸਕਰੀਨ ਸ਼ਾਟ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਰੂਪਨਗਰ ਰੇਂਜ ਦੇ ਡੀਆਈਜੀ ਨੂੰ ਵੀ ਭੇਜ ਚੁੱਕੇ ਹਨ, ਪ੍ਰੰਤੂ ਦਸ ਦਿਨ ਬੀਤਣ ਉਪਰੰਤ ਵੀ ਉਪਰੋਕਤ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਇਕ ਸਾਬਕਾ ਮੁੱਖ ਮੰਤਰੀ ਵੀ ਗੈਂਗਸਟਰਾਂ ਤੋਂ ਸੁਰੱਖਿਅਤ ਨਹੀਂ ਹੈ ਤਾਂ ਆਮ ਆਦਮੀ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ? ਪ੍ਰੰਤੂ ਪੰਜਾਬ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ ਜਿਸ ਕਾਰਨ ਸੂਬੇ ਦੇ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਹੈ।