ਪੰਜਾਬ ਸਰਕਾਰ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਜਿਵੇਂ ਹੀ ਰਾਜਪਾਲ ਦਾ ਸੰਬੋਧਨ ਸ਼ੁਰੂ ਹੋਇਆ ਤਾਂ ਕਿਸਾਨ ਅੰਦੋਲਨ ਨੂੰ ਲੈ ਕੇ ਭਾਰੀ ਹੰਗਾਮਾ ਹੋ ਗਿਆ। ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਦੌਰਾਨ ਕਿਸਾਨ ਅੰਦੋਲਨ ਅਤੇ ਸ਼ੁਭਕਰਨ ਸਿੰਘ ਦੀ ਮੌਤ ਦਾ ਮੁੱਦਾ ਚੁੱਕਿਆ। ਇਸ ਦੌਰਾਨ ਕਾਂਗਰਸ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ, ਰਾਜਪਾਲ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਰਾਜਪਾਲ ਨੇ ਅਪਣੇ ਭਾਸ਼ਣ ਦੀਆਂ ਪਹਿਲੀਆਂ ਅਤੇ ਆਖਰੀ ਲਾਈਨਾਂ ਪੜ੍ਹੀਆਂ ਅਤੇ ਵਿਧਾਨ ਸਭਾ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤਕ ਮੁਲਤਵੀ ਹੋ ਗਈ।ਬਾਅਦ ਦੁਪਹਿਰ ਕਾਰਵਾਈ ਸ਼ੁਰੂ ਹੁੰਦਿਆਂ ਹੀ ਪੰਜਾਬ ਵਿਧਾਨ ਸਭਾ ਵਲੋਂ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਸਣੇ 9 ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿਤੀ ਗਈ। ਇਨ੍ਹਾਂ ਵਿਚ ਸਾਬਕਾ ਡਿਪਟੀ ਸਪੀਕਰ ਡਾ. ਬਲਦੇਵ ਰਾਜ ਚਾਵਲਾ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਗੜ੍ਹਦੀਵਾਲਾ, ਸਾਬਕਾ ਵਿਧਾਇਕ ਸੋਹਣ ਸਿੰਘ ਬੋਦਲ, ਸ਼ਹੀਦ ਅਗਨੀਵੀਰ ਅਜੈ ਕੁਮਾਰ, ਸ਼ਹੀਦ ਸਿਪਾਹੀ ਹਰਸਿਮਰਨ ਸਿੰਘ, ਸ਼ਹੀਦ ਗੰਨਰ ਗੁਰਪ੍ਰੀਤ ਸਿੰਘ, ਸ਼ਹੀਦ ਹੋਮਗਾਰਡ ਜਸਪਾਲ ਸਿੰਘ ਦੇ ਨਾਂਅ ਵੀ ਸ਼ਾਮਲ ਸਨ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨ ਮੋਰਚੇ ‘ਚ 9 ਲੋਕਾਂ ਦੀ ਮੌਤ ਹੋਈ ਹੈ। ਸਾਰੇ ਨੌਂ ਲੋਕਾਂ ਨੂੰ ਸ਼ਰਧਾਂਜਲੀ ਦਿਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸਦਨ ਦੇ ਸਾਰੇ ਨੌਂ ਕਿਸਾਨਾਂ ਦੇ ਨਾਂਅ ਪੜ੍ਹ ਕੇ ਸੁਣਾਏ।