ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਹੁਸੈਨਪੁਰ ਬੁੱਲੇ ਵਿੱਚ ਇੱਕ ਕਿਸਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ ਸੀ ਅਤੇ ਸਿਰ ’ਤੇ ਜ਼ਖ਼ਮ ਦੇ ਨਿਸ਼ਾਨ ਵੀ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕਬੀਰਪੁਰ ਦੀ ਪੁਲਿਸ ਨੇ ਮਿ੍ਰਤਕ ਕਿਸਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐੱਸਪੀ ਬੱਬਨਦੀਪ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੀ ਪਛਾਣ ਬਲਵੀਰ ਸਿੰਘ (55) ਵਾਸੀ ਪਿੰਡ ਹੁਸੈਨਪੁਰ ਬੁੱਲੇ ਵਜੋਂ ਹੋਈ ਹੈ। ਪੁਲਿਸ ਟੀਮ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਬਲਵੀਰ ਸਿੰਘ ਨੂੰ ਰਾਤ ਕਰੀਬ 1.30 ਵਜੇ ਕਿਸੇ ਦਾ ਫੋਨ ਆਇਆ, ਫੋਨ ਸੁਣਨ ਬਾਅਦ ਉਹ ਘਰੋਂ ਚਲਾ ਗਿਆ ਅਤੇ ਸਵੇਰੇ ਪਤਾ ਲੱਗਿਆ ਕਿ ਬਲਵੀਰ ਸਿੰਘ ਦੀ ਲਾਸ਼ ਉਸ ਦੇ ਭਰਾ ਦੀ ਮੋਟਰ ’ਤੇ ਖੂਨ ਨਾਲ ਲੱਥਪੱਥ ਪਈ ਸੀ ।ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਡੀ ਐੱਸ ਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ। ਕਿਸਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਮਾਮਲੇ ਦੀ ਜਾਂਚ ਜਾਰੀ ਹੈ।