ਕਾਂਗਰਸ ’ਤੇ ਵਰ੍ਹੇ ਕੈਬਨਿਟ ਮੰਤਰੀ ਅਮਨ ਅਰੋੜਾ; ਕਿਹਾ, ‘ਇਨ੍ਹਾਂ ਦੀ ਸਰਕਾਰ ਵੇਲੇ ਸਿਰਫ਼ ਘੁਟਾਲੇ ਹੋਏ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਪਣੇ ਸੰਬੋਧਨ ‘ਚ ਪਿਛਲੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਬਜਟ ਵਿਚ ਵੀ ਕੁੱਝ ਨਹੀਂ ਹੁੰਦਾ ਸੀ, ਸਿਰਫ਼ ਘੁਟਾਲੇ ਹੀ ਹੁੰਦੇ ਸਨ। ਇਸ ਵਿਚ ਜੰਗਲਾਤ ਘੁਟਾਲੇ ਤੋਂ ਲੈ ਕੇ ਬੱਸ ਬਾਡੀਆਂ ਤਕ ਦੇ ਘੁਟਾਲੇ ਸ਼ਾਮਲ ਹਨ। ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਪੰਜਾਬ ਸਿਰ ਚੜ੍ਹੇ ਕਰਜ਼ੇ ਬਾਰੇ ਬੋਲਦਿਆਂ ਕਿਹਾ ਕਿ ਪਿਛਲੀ ਸਰਕਾਰ 2 ਲੱਖ, 82 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਿਰ ਛੱਡ ਕੇ ਗਈ ਹੈ ਅਤੇ ਹੁਣ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਨੇ 2 ਸਾਲਾਂ ‘ਚ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿਤਾ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਸ਼ਾਇਦ ਬਾਜਵਾ ਸਾਹਿਬ ਇਹ ਸੱਭ ਚੰਗੀ ਤਰ੍ਹਾਂ ਪੜ੍ਹ ਕੇ ਹੀ ਨਹੀਂ ਆਏ ਸਨ, ਕਿਉਂਕਿ ਬਜਟ ‘ਚ ਸਾਫ਼ ਲਿਖਿਆ ਹੈ ਕਿ ਆਖ਼ਰ ਇਹ ਕਰਜ਼ਾ ਲਿਆ ਕਿਉਂ ਗਿਆ ਹੈ। ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਜਿਹੜਾ ਕਰਜ਼ਾ ਚੁੱਕਿਆ ਹੋਇਆ ਸੀ, ਅਸੀਂ ਉਸ ਦਾ ਵਿਆਜ ਅਪ੍ਰੈਲ 2022 ਤੋਂ ਲੈ ਕੇ ਦਸੰਬਰ 2023 ਤਕ 30,370 ਕਰੋੜ ਰੁਪਿਆ ਚੁਕਾਇਆ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਲੈਣਾ ਮਾੜੀ ਗੱਲ ਨਹੀਂ ਪਰ ਜੇਕਰ ਉਸ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਮਾੜੀ ਗੱਲ ਹੈ। ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ 829 ਆਮ ਆਦਮੀ ਕਲੀਨਿਕ ਖੁੱਲ੍ਹ ਗਏ ਹਨ, ਜਿਨ੍ਹਾਂ ‘ਚ 31 ਲੱਖ ਲੋਕ ਟੈਸਟ ਕਰਾ ਚੁੱਕੇ ਹਨ। ਸਿੱਖਿਆ ਦੇ ਖੇਤਰ ‘ਚ ਵੀ ਪੰਜਾਬ ਤਰੱਕੀ ਕਰ ਰਿਹਾ ਹੈ ਅਤੇ 40 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦਿਤੀਆਂ ਗਈਆਂ ਹਨ। ਦਰਅਸਲ ਪ੍ਰਤਾਪ ਸਿੰਘ ਬਾਜਵਾ ਨੇ ਸਦਨ ‘ਚ ਕਿਹਾ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੀ ਭਲਾਈ ਦੀਆਂ ਗੱਲਾਂ ਕਰਦੀ ਹੈ, ਉਸ ਨੇ ਸਿਰਫ 2 ਸਾਲਾਂ ਅੰਦਰ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ, ਜਦਕਿ ਅਜੇ 3 ਸਾਲ ਪਏ ਹੋਏ ਹਨ। ਇਸ ਤੋਂ ਪਹਿਲਾਂ ਸਦਨ ਵਿਚ ਬੋਲਣ ਦੀ ਮੰਗ ਕਰ ਰਹੇ ਕਾਂਗਰਸੀ ਵਿਧਾਇਕਾਂ ਨੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਸਪੀਕਰ ਦੇ ਹੁਕਮਾਂ ‘ਤੇ ਮਾਰਸ਼ਲ ਨੇ ਕਾਂਗਰਸੀ ਵਿਧਾਇਕਾਂ ਨੂੰ ਸਦਨ ‘ਚੋਂ ਬਾਹਰ ਕੱਢ ਦਿਤਾ। ਇਸ ਦੇ ਚਲਦਿਆਂ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿਤੀ ਗਈ ਸੀ।

Leave a Reply

Your email address will not be published. Required fields are marked *