ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੇ ਮਿਸ਼ਨ ਰੁਜ਼ਗਾਰ ਤਹਿਤ ਅੱਜ 2487 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿਤੇ। ਇਹ ਪ੍ਰੋਗਰਾਮ ਸੰਗਰੂਰ ਦੀ ਲੱਡਾ ਕੋਠੀ ਵਿਖੇ ਕਰਵਾਇਆ ਗਿਆ। ਸ਼ੁਰੂਆਤ ਵਿਚ ਨਵ-ਨਿਯੁਕਤ ਉਮੀਦਵਾਰਾਂ ਨੇ ਮੁੱਖ ਮੰਤਰੀ ਨੂੰ ਨੌਕਰੀ ਦੇਣ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸੰਗਰੂਰ ਦੀ ਇਕ ਲੜਕੀ ਨੇ ਵੀ ਗੱਲ ਕੀਤੀ, ਜਿਸ ਨੇ ਦਸਿਆ ਕਿ ਉਹ ਵਿਦੇਸ਼ ਜਾਣ ਵਾਲੀ ਸੀ ਪਰ ਹੁਣ ਉਹ ਪੰਜਾਬ ਵਿਚ ਰਹਿ ਕੇ ਸੇਵਾ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਬਿਨਾਂ ਪੈਸੇ ਲਏ ਅਤੇ ਲਗਨ ਨਾਲ ਨੌਕਰੀ ਕਰਨ ਲਈ ਪ੍ਰੇਰਿਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਹੋਵੇਗਾ। ਅੱਜ ਜਿਸ ਤਰ੍ਹਾਂ ਨੌਕਰੀਆਂ ਦਿਤੀਆਂ ਜਾ ਰਹੀਆਂ ਹਨ, ਜੇਕਰ ਅਜਿਹੀਆਂ ਨੌਕਰੀਆਂ ਪਹਿਲਾਂ ਪੈਦਾ ਕੀਤੀਆਂ ਹੁੰਦੀਆਂ ਤਾਂ ਅੱਜ ਪੰਜਾਬ ਦੇ ਨੌਜਵਾਨ ਇਥੇ ਹੀ ਰੁਕੇ ਹੁੰਦੇ, ਵਿਦੇਸ਼ ਨਾ ਜਾਂਦੇ। ਮੁੱਖ ਮੰਤਰੀ ਭਗਵੰਤ ਮਾਨ ਨੇ ਦਸਿਆ ਕਿ ਅੱਜ ਦਿਤੇ ਗਏ ਨਿਯੁਕਤੀ ਪੱਤਰਾਂ ਵਿਚ 1705 ਨੌਜਵਾਨ ਗ੍ਰਹਿ ਵਿਭਾਗ, 205 ਨੂੰ ਸਮਾਜਿਕ ਨਿਆਂ, 421 ਲੋਕਲ ਗਵਰਨੈਂਸ, 39 ਮਾਲ ਅਤੇ 60 ਆਬਕਾਰੀ ਵਿਭਾਗ ਵਿਚ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪਣੇ ਪਿੰਡ ਦੇ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰਨ ਲਈ ਵੀ ਪ੍ਰੇਰਿਤ ਕੀਤਾ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਰੰਗਲਾ ਪੰਜਾਬ ਬਣਦਾ ਜਾ ਰਿਹਾ ਹੈ। ਅਸੀਂ ਮਿਲ ਕੇ ਇਸ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅੱਜ ਤੋਂ ਕਈ ਸਾਲਾਂ ਬਾਅਦ ਜਦੋਂ ਇਹ ਸਵਾਲ ਉੱਠੇਗਾ ਕਿ ਪੰਜਾਬ ਫਿਰ ਰੰਗਲਾ ਕਦੋਂ ਬਣੇਗਾ, ਉਸ ਵਿਚ ਤੁਹਾਡੇ ਸਾਰੇ ਨੌਜਵਾਨਾਂ ਦੇ ਨਾਮ ਵੀ ਲਿਖੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਜੋ ਨੌਕਰੀਆਂ ਮਿਲ ਰਹੀਆਂ ਹਨ, ਉਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸ਼ਾਮਲ ਹਨ। ਪੰਜਾਬ ਵਿਚ ਔਰਤਾਂ ਦਾ ਯੋਗਦਾਨ ਸ਼ਲਾਘਾਯੋਗ ਹੈ। ਅੱਜ ਪੰਜਾਬ ਵਿਚ 10 ਮਹਿਲਾ ਡੀਸੀ ਹਨ। ਇੰਨਾ ਹੀ ਨਹੀਂ 6 ਐਸਐਸਪੀਜ਼ ਵੀ ਔਰਤਾਂ ਹਨ ਅਤੇ ਉਹ ਸੂਬੇ ਦੀ ਤਰੱਕੀ ਵਿਚ ਵਧੀਆ ਯੋਗਦਾਨ ਪਾ ਰਹੀਆਂ ਹਨ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਹੁਣ ਤਕ 40,437 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅੱਜ 2487 ਹੋਰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਗਏ। ਇਸ ਤੋਂ ਬਾਅਦ ਹੁਣ ਤਕ ਦਿਤੀਆਂ ਗਈਆਂ ਸਰਕਾਰੀ ਨੌਕਰੀਆਂ ਦੀ ਗਿਣਤੀ 42924 ਹੋ ਗਈ ਹੈ।