ਕਪੂਰਥਲਾ ਸਬ-ਡਵੀਜ਼ਨ ਫਗਵਾੜਾ ਵਿਚ ਸੀਆਈਏ ਸਟਾਫ਼ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਤਿੰਨ ਕਾਰ ਸਵਾਰ ਠੱਗਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 6 ਪਿਸਤੌਲ, ਇੱਕ ਦੇਸੀ ਕੱਟਾ ਅਤੇ 35 ਕਾਰਤੂਸ ਬਰਾਮਦ ਹੋਏ ਹਨ। ਇਹ ਜਾਣਕਾਰੀ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਦੇ ਇੰਚਾਰਜ ਬਿਸਮੀਨ ਸਿੰਘ ਸਾਹੀ ਨੇ ਪਿੰਡ ਗੌਸਪੁਰ ਦੇ ਬਾਈਪਾਸ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇਕ ਸਵਿਫਟ ਕਾਰ ਨੰ, (ਪੀ.ਬੀ.-08-ਡੀ.ਬੀ-0797) ਨੂੰ ਰੋਕਿਆ ਗਿਆ। ਗੱਡੀ ਵਿੱਚ 3 ਨੌਜਵਾਨ ਸਵਾਰ ਸਨ। ਨੌਜਵਾਨਾਂ ਕੋਲੋਂ 4 ਪਿਸਤੌਲ, 16 ਕਾਰਤੂਸ ਅਤੇ 30 ਬੋਰ ਦੇ 19 ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਕਾਰ ਵਿਚ ਸਵਾਰ ਨੌਜਵਾਨਾਂ ਦੀ ਪਛਾਣ ਸੁਖਵੰਤ ਸਿੰਘ ਉਰਫ਼ ਸੁੱਖਾ, ਰੌਸ਼ਨ ਸਿੰਘ ਅਤੇ ਅਜੇ ਕੁਮਾਰ ਉਰਫ਼ ਅੱਜੂ ਵਜੋਂ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਤਲਾਸ਼ੀ ਲੈਣ ’ਤੇ ਸੁਖਵੰਤ ਸਿੰਘ ਕੋਲੋਂ ਪਿਸਤੌਲ ਅਤੇ ਇੱਕ ਦੇਸੀ ਕੱਟਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੁਖਵੰਤ ਸਿੰਘ ਖ਼ਿਲਾਫ਼ ਇੱਕ ਕਤਲ ਅਤੇ ਇਰਾਦਾ ਕਤਲ ਦੇ ਤਿੰਨ ਕੇਸਾਂ ਸਮੇਤ ਅੱਠ ਕੇਸ ਦਰਜ ਹਨ। ਰੋਸ਼ਨ ਸਿੰਘ ‘ਤੇ ਕਤਲ ਸਮੇਤ 13 ਦੋਸ਼ ਹਨ। ਇਸ ਤੋਂ ਇਲਾਵਾ ਅਜੇ ਕੁਮਾਰ ਖ਼ਿਲਾਫ਼ ਚੋਰੀ ਅਤੇ ਅਸਲਾ ਐਕਟ ਦੇ ਦੋ ਕੇਸ ਦਰਜ ਹਨ। ਤਿੰਨਾਂ ਨੇ ਆਪਣਾ ਗੈਂਗ ਬਣਾਇਆ ਹੋਇਆ ਹੈ ਅਤੇ ਸਮੇਂ-ਸਮੇਂ ‘ਤੇ ਜੇਲ ਤੋਂ ਬਾਹਰ ਆ ਕੇ ਫਿਰ ਲੁੱਟ-ਖੋਹ ਅਤੇ ਹੋਰ ਜੁਰਮਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ