ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਾਰ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਲਈ ਸੰਪਰਕ ਕੀਤਾ ਸੀ। ਸਿੱਧੂ ਨੇ ਇਹ ਗੱਲ ਇਕ ਮੀਡੀਆ ਅਦਾਰੇ ਨੂੰ ਦਿਤੇ ਇੰਟਰਵਿਊ ਵਿਚ ਉਸ ਦੌਰਾਨ ਕਹੀ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਜਾਂ ਪਾਰਟੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ? ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੰਟਰਵਿਊ ਦੀ ਇਕ ਕਲਿੱਪ ਸ਼ੇਅਰ ਕੀਤੀ ਹੈ। ਮਾਨ ਨੇ ਸਿੱਧੂ ਦੇ ਦਾਅਵੇ ‘ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ। ਸਿੱਧੂ ਨੇ ਕਿਹਾ, “ਮੈਂ ਤੁਹਾਨੂੰ ਇਕ ਗੱਲ ਦੱਸ ਸਕਦਾ ਹਾਂ ਕਿ ਕਿਸ ਨੇ ਮੇਰੇ ਨਾਲ ਸੰਪਰਕ ਕੀਤਾ। ਭਗਵੰਤ ਮਾਨ ਸਾਹਬ ਮੇਰੇ ਕੋਲ ਆਏ ਸਨ। ਜੇ ਉਹ ਦੱਸਣਗੇ ਤਾਂ ਮੈਂ ਉਨ੍ਹਾਂ ਨੂੰ ਉਹ ਜਗ੍ਹਾ ਵੀ ਦੱਸ ਦੇਵਾਂਗਾ (ਜਿਥੇ ਉਹ ਮੈਨੂੰ ਮਿਲੇ ਸੀ)”। ਕਾਂਗਰਸੀ ਆਗੂ ਨੇ ਕਿਹਾ, “ਉਨ੍ਹਾਂ ਨੇ ਮੈਨੂੰ ਕਿਹਾ, ਭਾਜੀ, ਜੇਕਰ ਤੁਸੀਂ ਮੈਨੂੰ ਕਾਂਗਰਸ ‘ਚ ਸ਼ਾਮਲ ਕਰੋ ਤਾਂ ਮੈਂ ਤੁਹਾਡਾ ਸਹਾਇਕ ਬਣਨ ਲਈ ਤਿਆਰ ਹਾਂ। ਉਨ੍ਹਾਂ ਮੈਨੂੰ ਇਹ ਵੀ ਕਿਹਾ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਵੋ, ਮੈਂ ਤੁਹਾਡਾ ਸਹਾਇਕ ਬਣਨ ਲਈ ਤਿਆਰ ਹਾਂ”। ਸਿੱਧੂ ਨੇ ਅੱਗੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮਾਨ ਨੂੰ ਕਿਹਾ ਕਿ ਉਹ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਪ੍ਰਤੀ ਵਚਨਬੱਧ ਹਨ ਅਤੇ ਉਹ ਉਨ੍ਹਾਂ ਨੂੰ ਛੱਡ ਨਹੀਂ ਸਕਦੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਮਾਨ ਨੂੰ ਕਿਹਾ ਕਿ ਜੇਕਰ ਉਹ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਕਾਂਗਰਸ ‘ਚ ਸਵਾਗਤ ਹੈ ਅਤੇ ਉਨ੍ਹਾਂ ਨੂੰ ਦਿੱਲੀ ‘ਚ ਪਾਰਟੀ ਲੀਡਰਸ਼ਿਪ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਤੋਂ ਬਾਅਦ ਹੋਰ ਕੋਈ ਚਰਚਾ ਨਹੀਂ ਹੋਈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਇਕੋ ਇਕ ਟੀਚਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੈ। ਪੰਜਾਬ ‘ਤੇ ਵੱਧ ਰਹੇ ਕਰਜ਼ੇ ਨੂੰ ਲੈ ਕੇ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ, ‘ਉਹ ਜਹਾਜ਼ਾਂ ਅਤੇ ਲਗਜ਼ਰੀ ਗੱਡੀਆਂ ‘ਚ ਸਫਰ ਕਰਦੇ ਹਨ ਪਰ ਕਰਜ਼ਾ ਪੰਜਾਬੀਆਂ ਨੂੰ ਚੁਕਾਉਣਾ ਪੈਂਦਾ ਹੈ”।