ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਦਿਆਂ ਪਿਛਲੇ ਲਗਭਗ ਇੱਕ ਸਾਲ ਅੰਦਰ ਹੀ ਥਾਣਾ ਫਿਲੌਰ ਤੇ ਬਿਲਗਾ ਵਿੱਚ 14 ਕੇਸ ਦਰਜ ਕਰਕੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਜਲੰਧਰ ਦਿਹਾਤੀ ਦੇ ਐਸ.ਐਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦਿਹਾਤੀ ਪੁਲਿਸ ਵੱਲੋਂ ਸਤਲੁਜ ਦਰਿਆ ਅੰਦਰ ਕਿਸੇ ਵੀ ਤਰ੍ਹਾਂ ਦੀ ਨਜਾਇਜ਼ ਮਾਈਨਿੰਗ ਰੋਕਣ ਲਈ ਮਾਈਨਿੰਗ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਲਗਤਾਰ ਕੀਤੀ ਕਾਰਵਾਈ ਦੇ ਨਤੀਜੇ ਵਜੋਂ ਜਿੱਥੇ ਛਾਪੇਮਾਰੀ ਕੀਤੀ ਗਈ ਉੱਥੇ ਹੀ ਮੌਕੇ ਉੱਪਰ ਦੋਸ਼ੀਆਂ ਨੂੰ ਕਾਬੂ ਕਰਕੇ ਚਲਾਨ ਪੇਸ਼ ਕਰਨ ਦੀ ਪ੍ਰਕ੍ਰਿਆ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਫਿਲੌਰ ਉਪ ਮੰਡਲ ਤਹਿਤ ਸਤਲੁਜ ਦਰਿਆ ਦੇ ਖੇਤਰ ਵਿੱਚ ਗਸ਼ਤ ਟੀਮਾਂ ਵੱਲੋਂ ਕੀਤੀ ਜਾਂਦੀ ਨਿਗਰਾਨੀ ਕਾਰਨ ਹੀ ਫਿਲੌਰ ਵਿਖੇ 10 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਇਲਾਵਾ ਬਿਲਗਾ ਵਿੱਚ 4 ਕੇਸ ਦਰਜ ਕਰਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇਸ ਤੋਂ ਇਲਾਵਾ 7 ਟਰੈਕਟਰ /ਟਰਾਲੀਆਂ , ਇੱਕ ਪੋਕਲੇਨ , 2 ਜੇ ਸੀ ਬੀ ਮਸ਼ੀਨਾਂ ਤੇ ਟਿਪਰ ਵੀ ਜ਼ਬਤ ਕੀਤੇ ਗਏ ਹਨ । ਉਨਾਂ ਇਹ ਵੀ ਕਿਹਾ ਕਿ ਮਾਈਨਿੰਗ ਦੇ ਕੇਸਾਂ ਵਿੱਚ ਦੋਸ਼ੀਆਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿਵਾਉਣ ਲਈ ਪੁਲਿਸ ਵਲੋਂ ਕਾਨੂੰਨੀ ਪੱਖ ਉੱਪਰ ਵੀ ਲਗਤਾਰ ਕੰਮ ਕੀਤਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਕੇਸਾਂ ਵਿੱਚ ਸਮੇਂ ਸਿਰ ਚਲਾਨ ਪੇਸ਼ ਕਰਨ ਲਈ ਸਬੰਧਿਤ ਡੀ ਐਸ ਪੀਜ ਦੀ ਨਿਗਰਾਨੀ ਹੇਠ ਕੇਸਾਂ ਦੀ ਪੈਰਵੀ ਕੀਤੀ ਜਾ ਰਹੀ ਹੈ ।