ਕਲਾਨੌਰ ਵਿਖੇ 4 ਤਾਰੀਖ ਨੂੰ ਇੱਕ ਪਿਓ ਵੱਲੋਂ ਆਪਣੇ ਦੋ ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਸੀ। ਇਹਨਾਂ ਬੱਚਿਆਂ ਵਿੱਚ ਸਾਢੇ ਛੇ ਸਾਲ ਦੀ ਧੀ ਜਸਪ੍ਰੀਤ ਕੌਰ ਅਤੇ ਸਾਢੇ ਚਾਰ ਸਾਲ ਦਾ ਪੁੱਤ ਹਰਪ੍ਰੀਤ ਸਿੰਘ ਸ਼ਾਮਲ ਸੀ, ਜਿਨਾਂ ਨੂੰ ਜ਼ਹਿਰੀਲੀ ਦਵਾਈ ਦੇ ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਿਓ ਫ਼ਰਾਰ ਹੋ ਗਿਆ ਸੀ। ਅੱਜ ਇਨ੍ਹਾਂ ਮਾਸੂਮ ਮ੍ਰਿਤਕ ਬੱਚਿਆਂ ਦੇ ਪਿਤਾ ਨੇ ਵੀ ਖੁਦਕੁਸ਼ੀ ਕਰ ਲਈ ਹੈ ਜਿਸ ਦੀ ਲਾਸ਼ ਕਿਲਾ ਨਹਿਰ ਦੇ ਪਾਸੋਂ ਬਰਾਮਦ ਹੋਈ ਹੈ। ਇਸ ਮੌਕੇ ਕਲਾਨੌਰ ਦੇ ਐੱਸ.ਐੱਚ.ਓ. ਦਿਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਕਰਨ ਲਈ ਭੇਜ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਕਲਾਨੋਰ ਆਈ. ਪੀ. ਐੱਸ ਅਧਿਕਾਰੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਚਾਰ ਮਾਰਚ ਨੂੰ ਕਲਾਨੌਰ ਦੇ ਇੱਕ ਬੰਦ ਪਏ ਘਰ ਵਿੱਚੋਂ ਦੋ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ ਅਤੇ ਖਦਸ਼ਾ ਜਾਹਰ ਕੀਤਾ ਗਿਆ ਸੀ ਕਿ ਮਾਸੂਮ ਬੱਚਿਆਂ ਦੇ ਪਿਓ ਹਰਪਾਲ ਸਿੰਘ ਵੱਲੋਂ ਹੀ ਆਪਣੇ ਬੱਚਿਆਂ ਦਾ ਜ਼ਹਿਰੀਲੀ ਚੀਜ਼ ਦੇ ਕੇ ਕਤਲ ਕੀਤਾ ਗਿਆ ਹੈ। ਕਿਉਂਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਪਤਨੀ ਘਰੋਂ ਉਸ ਨੂੰ ਅਤੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੀ ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਦੋ ਦਿਨ ਬਾਅਦ ਹਰਪਾਲ ਸਿੰਘ ਦੀਆਂ ਜੁੱਤੀਆਂ ਅਤੇ ਕੁਝ ਹੋਰ ਸਮਾਨ ਕਿਲਾ ਲਾਲ ਸਿੰਘ ਨਹਿਰ ਕਿਨਾਰੇ ਬਰਾਮਦ ਹੋਈਆਂ ਸੀ, ਜਿਸ ’ਤੇ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉਸਨੇ ਮਾਸੂਮ ਬੱਚਿਆਂ ਨੂੰ ਮਾਰ ਕੇ ਖੁਦਕੁਸ਼ੀ ਕਰ ਲਈ ਹੋਵੇਗੀ। ਬੀਤੀ ਦੇਰ ਸ਼ਾਮ ਉਸ ਦੀ ਲਾਸ਼ ਕਿਲਾ ਲਾਲ ਸਿੰਘ ਨਹਿਰ ਵਿੱਚੋਂ ਬਰਾਮਦ ਹੋਈ ਹੈ ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਇਹੋ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਨੂੰ ਉਸਨੇ ਜ਼ਹਿਰ ਦੇ ਕੇ ਮਾਰਿਆ ਸੀ ਕਿਉਂਕਿ ਉਸ ਦੇ ਘਰ ਵਿੱਚੋਂ ਕੁਝ ਜ਼ਹਿਰੀਲੇ ਪਦਾਰਥ ਬਰਾਮਦ ਹੋਏ ਸਨ। ਫਿਰ ਵੀ ਇਸ ਬਾਰੇ ਪੱਕੇ ਤੌਰ ’ਤੇ ਬੱਚਿਆਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਪਿਓ ਨੇ ਆਪਣੇ ਬੱਚਿਆਂ ਨੂੰ ਕਿਵੇਂ ਮਾਰਿਆ ਹੋਵੇਗਾ। ਉਹਨਾਂ ਦੱਸਿਆ ਕਿ ਹਰਪਾਲ ਸਿੰਘ ਦੀ ਪਤਨੀ ਦੀ ਵੀ ਭਾਲ ਕੀਤੀ ਜਾ ਰਹੀ ਹੈ ਅਤੇ ਉਸਨੂੰ ਵੀ ਲੱਭ ਕੇ ਸ਼ਾਮਲ ਤਫਤੀਸ਼ ਕੀਤਾ ਜਾਵੇਗਾ।