ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦਿੱਲੀ ਵਿੱਚ ‘ਕਿਸਾਨ ਮਜ਼ਦੂਰ ਮਹਾਪੰਚਾਇਤ’ ਕੀਤੀ ਜਾਵੇਗੀ । ਦਿੱਲੀ ਪੁਲਿਸ ਨੇ ਸਖ਼ਤ ਸ਼ਰਤਾਂ ਸਮੇਤ ਸੰਯੁਕਤ ਕਿਸਾਨ ਮੋਰਚਾ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਮਹਾਪੰਚਾਇਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਰਾਮਲੀਲਾ ਮੈਦਾਨ ਵਿੱਚ ਮਹਾਪੰਚਾਇਤ ਦੇ ਸਮੇ 5000 ਲੋਕਾਂ ਤੋਂ ਜ਼ਿਆਦਾ ਲੋਕ ਮੌਜੂਦ ਨਹੀਂ ਰਹਿਣਗੇ। ਉੱਥੇ ਹੀ ਕਿਹਾ ਗਿਆ ਹੈ ਕਿ ਕੋਈ ਵੀ ਕਿਸਾਨ ਟ੍ਰੈਕਟਰ-ਟ੍ਰਾਲੀ ਨਹੀਂ ਲਿਆਏਗਾ ਅਤੇ ਰਾਤ ਨੂੰ ਮਹਾਪੰਚਾਇਤ ਵਾਲੇ ਸਥਾਨ ’ਤੇ ਨਹੀਂ ਰੁਕੇਗਾ। ਇਸ ਤੋਂ ਇਲਾਵਾ ਸ਼ਰਤਾਂ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਇੱਥੇ ਖਾਣਾ ਨਹੀਂ ਪਕਾਏਗਾ ਅਤੇ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਕਰੇਗਾ ।ਮਹਾਪੰਚਾਇਤ ਮਗਰੋਂ ਕੋਈ ਵੀ ਮਾਰਚ ਨਹੀਂ ਕਰ ਸਕੇਗਾ ਅਤੇ ਆਗੂਆਂ ਦੇ ਭਾਸ਼ਣ ਕਿਸੇ ਨੂੰ ਠੇਸ ਪਹੁੰਚਾਉਣ ਵਾਲੇ ਨਹੀਂ ਹੋਣਗੇ । ਕਿਸਾਨ ਆਗੂਆਂ ਨੇ ਲਿਖਤੀ ਤੌਰ ‘ਤੇ ਹਦਾਇਤਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ ਹੈ ।ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚਾ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਕਿਸਾਨ ਵੱਡੀ ਗਿਣਤੀ ਵਿੱਚ ਰੇਲਾਂ ਅਤੇ ਬੱਸਾਂ ਰਾਹੀਂ ਦਿੱਲੀ ਜਾਣਗੇ । ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕਿਸਾਨ ਸਰਕਾਰੀ ਟਰਾਂਸਪੋਰਟ ਰਾਹੀਂ ਦਿੱਲੀ ਪਹੁੰਚਣਗੇ ਅਤੇ ਮਹਾਪੰਚਾਇਤ ਵਿੱਚ ਜੁੜਨਗੇ।